ਹੁਣ ਕੋਰੋਨਾ ਤੋਂ ਠੀਕ ਹੋਣ ਦੇ ਤਿੰਨ ਮਹੀਨਿਆਂ ਬਾਅਦ ਲੱਗੇਗੀ ਵੈਕਸੀਨ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
Wednesday, May 19, 2021 - 06:33 PM (IST)
ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰਾਲਾ ਨੇ ਕੋਵਿਡ-19 ਟੀਕਾਕਰਨ ’ਤੇ ਨਵੀਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਨੈਸ਼ਨਲ ਐਕਸਪਰਟ ਗਰੁੱਪ ਆਫ਼ ਵੈਕਸੀਨ ਐਡਮਿਨਿਸਟ੍ਰੇਸ਼ਨ ਫਾਰ ਕੋਵਿਡ-19 (NEGVAC) ਵਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਮੁਤਾਬਕ ਕੋਰੋਨਾ ਵਾਇਰਸ ਤੋਂ ਕਲੀਨਿਕਲ ਰਿਕਵਰੀ ਤੋਂ ਬਾਅਦ ਟੀਕਾਕਰਨ ਨੂੰ ਤਿੰਨ ਮਹੀਨੇ ਲਈ ਟਾਲ ਦਿੱਤਾ ਜਾਵੇ। ਯਾਨੀ ਕਿ ਹੁਣ ਕੋਰੋਨਾ ਤੋਂ ਠੀਕ ਹੋਣ ਮਗਰੋਂ ਮਰੀਜ਼ਾਂ ਨੂੰ ਤਿੰਨ ਮਹੀਨੇ ਬਾਅਦ ਹੀ ਵੈਕਸੀਨ ਦੀ ਖ਼ੁਰਾਕ ਦਿੱਤੀ ਜਾਵੇਗੀ।
ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਵਿਡ-19 ਲਈ ਵੈਕਸੀਨ ਨੂੰ ਲੈ ਕੇ ਰਾਸ਼ਟਰੀ ਮਾਹਰ ਸਮੂਹ ਦੀਆਂ ਨਵੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਵੀਆਂ ਸਿਫਾਰਸ਼ਾਂ ਮੁਤਾਬਕ ਕੋਵਿਡ-19 ਤੋਂ ਠੀਕ ਹੋਣ ਮਗਰੋਂ 3 ਮਹੀਨੇ ਬਾਅਦ ਟੀਕਾਕਰਨ ਕਰਾਉਣ ਦੀ ਸਲਾਹ ਦਿੱਤੀ ਗਈ ਹੈ।
ਕੋਰੋਨਾ ਟੀਕਾ ਲੈਣ ਬਾਰੇ ਵੱਡੇ ਫੈਸਲੇ
-ਕੋਰੋਨਾ ਦੇ ਠੀਕ ਹੋਣ ਦੇ 3 ਮਹੀਨੇ ਬਾਅਦ ਟੀਕਾ ਲਗਵਾਓ।
-ਜਿਸ ਮਰੀਜ਼ ਨੂੰ ਪਲਾਜ਼ਮਾ ਦਿੱਤਾ ਗਿਆ ਹੈ, ਉਹ ਹਸਪਤਾਲ ਤੋਂ 3 ਮਹੀਨੇ ਦੀ ਛੁੱਟੀ ਤੋਂ ਬਾਅਦ ਟੀਕਾ ਲੈ ਸਕਦੇ ਹਨ।
-ਜੇਕਰ ਤੁਸੀਂ ਪਹਿਲੀ ਖੁਰਾਕ ਲੈਣ ਤੋਂ ਬਾਅਦ ਸੰਕਰਮਿਤ ਹੋ ਜਾਂਦੇ ਹੋ, ਤਾਂ ਦੂਜੀ ਖੁਰਾਕ ਠੀਕ ਹੋਣ ਦੇ 3 ਮਹੀਨਿਆਂ ਬਾਅਦ ਲਈ ਜਾ ਸਕਦੀ ਹੈ।
-ਜੇਕਰ ਕਿਸੇ ਨੂੰ ਕੋਈ ਹੋਰ ਗੰਭੀਰ ਬਿਮਾਰੀ ਹੋਈ ਹੈ ਅਤੇ ਉਸਨੂੰ ਹਸਪਤਾਲ ਜਾਂ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਹੈ, ਤਾਂ ਉਨ੍ਹਾਂ ਨੂੰ ਕੋਰੋਨਾ ਟੀਕਾ 4-8 ਹਫ਼ਤਿਆਂ ਬਾਅਦ ਲੈਣਾ ਪਵੇਗਾ।
-ਜੇਕਰ ਕੋਈ ਕੋਰੋਨਾ ਸੰਕਰਮਿਤ ਹੈ, ਆਰਟੀਪੀਸੀਆਰ ਨਕਾਰਾਤਮਕ ਹੋਣ ਤੋਂ ਬਾਅਦ ਖੂਨਦਾਨ ਕਰ ਸਕਦਾ ਹੈ।
-ਦੁੱਧ ਚੁੰਘਾਉਣ ਵਾਲੀਆਂ ਜਨਾਨੀਆਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਸਕਦਾ ਹੈ।