ਯੋਗੀ ਦੇ ਗੜ੍ਹ ’ਚ ਦਿਲਚਸਪ ਮੁਕਾਬਲਾ, ਸਿੱਧੀ ਲੜਾਈ ਹੀਰੋ ਬਨਾਮ ਹੀਰੋਇਨ
Friday, May 31, 2024 - 11:31 AM (IST)
ਨਵੀਂ ਦਿੱਲੀ (ਬਿਊਰੋ) - ਉੱਤਰ ਪ੍ਰਦੇਸ਼ ’ਚ ਆਖਰੀ ਪੜਾਅ ’ਚ 13 ਸੀਟਾਂ ’ਚੋਂ ਵਾਰਾਣਸੀ ਤੋਂ ਬਾਅਦ ਜੇਕਰ ਕਿਸੇ ਸੀਟ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਤਾਂ ਉਹ ਗੋਰਖਪੁਰ ਹੈ। ਗੋਰਖਪੁਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਕਰਮਭੂਮੀ ਰਹੀ ਹੈ। ਇਥੇ ਇਸ ਵਾਰ ਲੋਕ ਸਭਾ ਚੋਣਾਂ ’ਚ ਸਿੱਧੀ ਲੜਾਈ ਭਾਜਪਾ ਬਨਾਮ ਸਮਾਜਵਾਦੀ ਪਾਰਟੀ ਵਿਚਾਲੇ ਮੰਨੀ ਜਾ ਰਹੀ ਹੈ। ਇੱਥੋਂ ਦੇ ਵਿਕਾਸ ਨੂੰ ਲੈ ਕੇ ਲੋਕਾਂ ਵਿਚ ਬਹੁਤੀ ਚਰਚਾ ਨਹੀਂ ਹੈ ਪਰ ਇਲਾਕੇ ਵਿਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਕਾਫ਼ੀ ਚਰਚਾ ਹੈ, ਫਿਰ ਵੀ ਲੋਕਾਂ ਦਾ ਝੁਕਾਅ ਭਾਜਪਾ ਵੱਲ ਹੈ।
ਗੋਰਖਪੁਰ ਲੋਕ ਸਭਾ ਸੀਟ ’ਤੇ ਇਸ ਵਾਰ ਲੜਾਈ ਹੀਰੋ ਬਨਾਮ ਹੀਰੋਇਨ ਦੀ ਹੈ। ਇੱਥੋਂ ਭਾਜਪਾ ਨੇ ਇਕ ਵਾਰ ਫਿਰ ਮੌਜੂਦਾ ਸੰਸਦ ਮੈਂਬਰ ਅਤੇ ਭੋਜਪੁਰੀ/ਬਾਲੀਵੁੱਡ ਸਟਾਰ ਰਵੀ ਕਿਸ਼ਨ ’ਤੇ ਭਰੋਸਾ ਜਤਾਇਆ ਹੈ। ਉਥੇ ਹੀ ਸਮਾਜਵਾਦੀ ਪਾਰਟੀ ਨੇ ਭੋਜਪੁਰੀ ਫ਼ਿਲਮ ਕਲਾਕਾਰ ਕਾਜਲ ਨਿਸ਼ਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਰਵੀ ਕਿਸ਼ਨ 2019 ’ਚ ਵੀ ਭਾਜਪਾ ਦੀ ਟਿਕਟ ’ਤੇ ਚੋਣ ਜਿੱਤ ਚੁੱਕੇ ਹਨ, ਉਥੇ ਹੀ ਕਾਜਲ ਨਿਸ਼ਾਦ ਨੇ ਸਿਆਸਤ ਦੀ ਸ਼ੁਰੂਆਤ 2012 ’ਚ ਕਾਂਗਰਸ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਸਪਾ ਦੀ ਟਿਕਟ ’ਤੇ ਵਿਧਾਨ ਸਭਾ ਅਤੇ ਮੇਅਰ ਦੀ ਚੋਣ ਲੜ ਚੁੱਕੀ ਹੈ ਪਰ ਅਜੇ ਤੱਕ ਕਾਮਯਾਬ ਨਹੀਂ ਹੋਈ।
ਇਹ ਖ਼ਬਰ ਵੀ ਪੜ੍ਹੋ - IPL ਫਾਈਨਲ 'ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ, ਤਸਵੀਰਾਂ ਵੇਖ ਲੱਗੇਗਾ ਝਟਕਾ
ਲੰਬੇ ਸਮੇਂ ਤੋਂ ਗੋਰਖਪੁਰ ਲੋਕ ਸਭਾ ਸੀਟ ’ਤੇ ਗੋਰਖਨਾਥ ਪੀਠ ’ਤੇ ਲੋਕਾਂ ਨੇ ਆਪਣਾ ਭਰੋਸਾ ਜਤਾਇਆ ਹੈ। ਗੋਰਖਪੁਰ ਵਿਚ 1960 ਦੇ ਦਹਾਕੇ ’ਚ ਗੋਰਖਨਾਥ ਪੀਠ ਦੇ ਪੀਠਾਧੀਸ਼ਵਰ ਮਹੰਤ ਦਿਗਵਿਜੇ ਨਾਥ ਨੇ ਚੋਣ ਜਿੱਤੀ ਸੀ। ਇਸ ਤੋਂ ਬਾਅਦ 1980 ਦੇ ਦਹਾਕੇ ’ਚ ਮਹੰਤ ਅਵੈਦਿਆਨਾਥ ਗੋਰਖਪੁਰ ਤੋਂ ਸੰਸਦ ਮੈਂਬਰ ਬਣੇ ਅਤੇ 1990 ਦੇ ਦਹਾਕੇ ’ਚ ਯੋਗੀ ਆਦਿੱਤਿਆਨਾਥ ਨੇ ਆਪਣਾ ਸੰਸਦੀ ਕਰੀਅਰ ਸ਼ੁਰੂ ਕੀਤਾ ਅਤੇ ਲਗਾਤਾਰ 5 ਵਾਰ ਚੋਣਾਂ ਜਿੱਤੀਆਂ। 2017 ’ਚ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਗੋਰਖਨਾਥ ਤੋਂ ਸੰਸਦ ਮੈਂਬਰ ਨਹੀਂ ਰਹੇ ਪਰ 2018 ਦੀਆਂ ਉੱਪ ਚੋਣਾਂ ’ਚ ਪ੍ਰਵੀਨ ਨਿਸ਼ਾਦ ਤੋਂ ਬਾਅਦ 2019 ਦੀਆਂ ਆਮ ਚੋਣਾਂ ’ਚ ਗੋਰਖਨਾਥ ਪੀਠ ਦੀ ਪਸੰਦ ਦੇ ਰਵੀ ਕਿਸ਼ਨ ਨੇ ਚੋਣ ਜਿੱਤੀ ਅਤੇ ਇਸ ਵਾਰ ਵੀ ਰਵੀ ਕਿਸ਼ਨ ਨੂੰ ਯੋਗੀ ਆਦਿੱਤਿਆਨਾਥ ਦਾ ਆਸ਼ੀਰਵਾਦ ਮਿਲਿਆ ਹੈ।
ਜੇਕਰ ਮੁੱਦਿਆਂ ਦੀ ਗੱਲ ਕਰੀਏ ਤਾਂ ਵਿਕਾਸ ਦੇ ਨਾਲ-ਨਾਲ ਗੋਰਖਨਾਥ ਪੀਠ ਅਤੇ ਯੋਗੀ ਆਦਿੱਤਿਆਨਾਥ ਦਾ ਨਾਂ ਇਥੇ ਮੁੱਖ ਮੁੱਦਾ ਹੈ। ਯੋਗੀ ਆਦਿੱਤਿਆਨਾਥ ਦੇ 5 ਵਾਰ ਸੰਸਦ ਮੈਂਬਰ ਬਣਨ ਤੋਂ ਬਾਅਦ ਇੱਥੇ ਜੋ ਵਿਕਾਸ ਹੋਇਆ, ਉਸ ਦੇ ਕਾਰਨ ਲੋਕਾਂ ਨੂੰ ਆਪਣੇ ਸਾਬਕਾ ਸੰਸਦ ਮੈਂਬਰ ਅਤੇ ਯੂ. ਪੀ. ਦੇ ਮੌਜੂਦਾ ਮੁੱਖ ਮੰਤਰੀ ’ਤੇ ਜ਼ਿਆਦਾ ਭਰੋਸਾ ਜਾਪਦਾ ਹੈ। ਭਾਜਪਾ ਦਾ ਦਾਅਵਾ ਹੈ ਕਿ ਰਾਮਗੜ੍ਹ ਤਾਲ ਦੇ ਆਲੇ-ਦੁਆਲੇ ਵਿਕਾਸ, ਤਿੰਨ ਦਹਾਕਿਆਂ ਤੋਂ ਬੰਦ ਪਏ ਖਾਦ ਪਲਾਂਟ ਦੀ ਸ਼ੁਰੂਆਤ, ਏਮਜ਼ ਦਾ ਨਿਰਮਾਣ, ਪ੍ਰਸਤਾਵਿਤ ਮੈਟਰੋ, ਸੜਕਾਂ ਨੂੰ ਚੌੜਾ ਕਰਨਾ, ਬਿਜਲੀ ਸਪਲਾਈ ਵਿਚ ਸੁਧਾਰ, ਸ਼ਹਿਰ ਦਾ ਸੁੰਦਰੀਕਰਨ ਇੱਥੇ ਚੋਣਾਂ ਦੇ ਮੁੱਖ ਮੁੱਦੇ ਹਨ।
ਇਹ ਖ਼ਬਰ ਵੀ ਪੜ੍ਹੋ - 12 ਜੁਲਾਈ ਨੂੰ ਰਾਧਿਕਾ ਮਰਚੈਂਟ ਤੇ ਅਨੰਤ ਅੰਬਾਨੀ ਬੱਝਣਗੇ ਵਿਆਹ ਦੇ ਬੰਧਨ 'ਚ
ਗੋਰਖਪੁਰ ’ਚ ਕੁੱਲ ਵੋਟਰਾਂ ਦੀ ਗਿਣਤੀ ਲੱਗਭਗ 20 ਲੱਖ 74 ਹਜ਼ਾਰ ਹੈ। ਇਸ ਸੀਟ ’ਤੇ ਵਿਧਾਨ ਸਭਾ ਦੀਆਂ 5 ਸੀਟਾਂ ਆਉਂਦੀਆਂ ਹਨ ਅਤੇ ਸਾਰੀਆਂ ਸੀਟਾਂ ’ਤੇ ਭਾਜਪਾ ਦਾ ਕਬਜ਼ਾ ਹੈ। ਮੰਨਿਆ ਜਾਂਦਾ ਹੈ ਕਿ ਨਿਸ਼ਾਦ ਵੋਟਰਾਂ ਦੀ ਆਬਾਦੀ ਕਾਰਨ ਸਪਾ ਨੇ 2009 ਨੂੰ ਛੱਡ ਕੇ ਅੱਠ ਵਾਰ ਨਿਸ਼ਾਦ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਇਹ ਵੱਖਰੀ ਗੱਲ ਹੈ ਕਿ 2018 ਦੀਆਂ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਛੱਡ ਕੇ ਹਰ ਵਾਰ ਸਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।