ਯੂ. ਪੀ. ਤੇ ਮਹਾਰਾਸ਼ਟਰ ਮੈਡੀਕਲ ਸਿੱਖਿਆ ਕੇਂਦਰਾਂ ਵਜੋਂ ਉੱਭਰੇ
Saturday, May 09, 2026 - 10:49 PM (IST)
ਨੈਸ਼ਨਲ ਡੈਸਕ- ਯੂ. ਪੀ. ਤੇ ਮਹਾਰਾਸ਼ਟਰ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ’ਚ ਮੋਹਰੀ ਸੂਬਿਆਂ ਵਜੋਂ ਉਭਰੇ ਹਨ। ਮਹਾਰਾਸ਼ਟਰ ’ਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 80 ਤੇ ਐੱਮ. ਬੀ. ਬੀ. ਐੱਸ. ਸੀਟਾਂ ਦੀ 11846 ਹੈ। ਮਹਾਰਾਸ਼ਟਰ ਯੂ. ਪੀ. ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਯੂ. ਪੀ. ’ਚ 86 ਕਾਲਜ ਤੇ 12475 ਐੱਮ. ਬੀ. ਬੀ. ਐੱਸ. ਸੀਟਾਂ ਹਨ। ਪੰਜਾਬ ਸਿਰਫ਼ 13 ਮੈਡੀਕਲ ਕਾਲਜਾਂ ਨਾਲ ਪਿੱਛੇ ਹੈ, ਜਦੋਂ ਕਿ ਪੱਛਮੀ ਬੰਗਾਲ ’ਚ 38 ਕਾਲਜ ਹਨ।
ਇਕ ਅਧਿਕਾਰਤ ਰਿਪੋਰਟ ਅਨੁਸਾਰ 2020-21 ਤੋਂ ਦੇਸ਼ ਅੰਦਰ ਮੈਡੀਕਲ ਕਾਲਜਾਂ ਦੀ ਗਿਣਤੀ ’ਚ 39.78 ਫੀਸਦੀ ਦਾ ਵਾਧਾ ਹੋਇਆ ਭਾਵ ਇਹ ਗਿਣਤੀ 558 ਤੋਂ 780 ’ਤੇ ਪਹੁੰਚ ਗਈ। ਐੱਮ. ਬੀ. ਬੀ. ਐੱਸ. ਸੀਟਾਂ ’ਚ 41.93 ਫੀਸਦੀ ਦਾ ਵਾਧਾ ਹੋਇਆ ਭਾਵ ਇਹ 83275 ਤੋਂ 118190 ਤਕ ਪਹੁੰਚ ਗਈ।
ਮੈਡੀਕਲ ਕਾਲਜਾਂ ਤੇ ਸੀਟਾਂ ’ਚ ਵਾਧੇ ਨੇ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਇਸ ਵਾਧੇ ਨੂੰ ਚਲਾਉਣ ਵਾਲੀਆਂ ਮੁੱਖ ਕੇਂਦਰੀ ਯੋਜਨਾਵਾਂ ’ਚ ਮੌਜੂਦਾ ਜ਼ਿਲਾ ਤੇ ਰੈਫਰਲ ਹਸਪਤਾਲਾਂ ਨਾਲ ਜੁੜੇ 157 ਨਵੇਂ ਮੈਡੀਕਲ ਕਾਲਜਾਂ ਦੀ ਪ੍ਰਵਾਨਗੀ ਸ਼ਾਮਲ ਹੈ। ਇਨ੍ਹਾਂ ’ਚੋਂ 131 ਦੇਸ਼ ’ਚ ਪਹਿਲਾਂ ਹੀ ਕੰਮ ਕਰ ਰਹੇ ਹਨ। ਐੱਮ. ਬੀ. ਬੀ. ਐੱਸ. ਦੀਆਂ 4977 ਸੀਟਾਂ ਦਾ ਵਾਧਾ ਹੋਇਅਾ ਹੈ।
ਤਾਜ਼ਾ ਅਧਿਕਾਰਤ ਦਸਤਾਵੇਜ਼ ਦਰਸਾਉਂਦੇ ਹਨ ਕਿ ‘ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ’ ਭਾਵ ਪੀ. ਐੱਮ. ਐੱਸ. ਐੱਸ. ਵਾਈ. ਅਧੀਨ 75 ਸੁਪਰ-ਸਪੈਸ਼ਲਿਟੀ ਹਸਪਤਾਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ’ਚੋਂ 71 ਪ੍ਰਾਜੈਕਟ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ, ਜਦੋਂ ਕਿ 22 ਨਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਨਵੇਂ ਤੇ ਅਪਗ੍ਰੇਡ ਕੀਤੇ ਕਾਲਜਾਂ ’ਚ ਫੈਕਲਟੀ ਦੀ ਘਾਟ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਅਧਿਆਪਨ ਅਸਾਮੀਆਂ ਲਈ ਡੀ. ਐੱਨ. ਬੀ. ਯੋਗਤਾ ਦੀ ਆਗਿਆ ਦਿੱਤੀ ਹੈ ਤੇ ਮੈਡੀਕਲ ਅਧਿਆਪਕਾਂ ਲਈ ਸੇਵਾਮੁਕਤੀ ਦੀ ਉਮਰ ਵਧਾ ਕੇ 70 ਸਾਲ ਕਰ ਦਿੱਤੀ ਹੈ। ਇਹ ਇਕ ਵੱਡੀ ਛਾਲ ਹੈ ਜੋ ਆਉਣ ਵਾਲੇ ਸਾਲਾਂ ’ਚ ਹਰ ਸਾਲ ਹਜ਼ਾਰਾਂ ਨਵੇਂ ਡਾਕਟਰ ਪੈਦਾ ਕਰੇਗੀ।
ਸੂਬੇ ਤੇ ਮੈਡੀਕਲ ਕਾਲਜ
ਸੂਬਾ ਮੈਡੀਕਲ ਕਾਲਜਾਂ ਦੀ ਗਿਣਤੀ
ਉੱਤਰ ਪ੍ਰਦੇਸ਼ : 86
ਮਹਾਰਾਸ਼ਟਰ : 80
ਤਾਮਿਲਨਾਡੂ : 77
ਕਰਨਾਟਕ : 73
ਤੇਲੰਗਾਨਾ : 65
ਰਾਜਸਥਾਨ : 43
ਗੁਜਰਾਤ : 41
ਪੰਜਾਬ : 13
ਪੱਛਮੀ ਬੰਗਾਲ : 38
ਪੂਰੇ ਭਾਰਤ ’ਚ : 780
