ਭਿਆਨਕ ਹਾਦਸੇ ''ਚ 4 ਵਿਦਿਆਰਥੀਆਂ ਸਣੇ 5 ਦੀ ਮੌਤ, ਕਾਰ ਕੱਟ ਕੇ ਲਾਸ਼ਾਂ ਕੱਢੀਆਂ ਗਈਆਂ ਬਾਹਰ
Monday, Oct 14, 2024 - 02:18 PM (IST)
ਕਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਪਨਕੀ ਇਲਾਕੇ 'ਚ ਰੂਮਾ-ਭੌਂਤੀ ਫਲਾਈਓਵਰ 'ਤੇ ਸੋਮਵਾਰ ਦੀ ਸਵੇਰ ਤੇਜ਼ ਗਤੀ ਨਾਲ ਜਾ ਰਹੇ 2 ਟਰੱਕਾਂ ਵਿਚਾਲੇ ਇਕ ਕਾਰ ਦੇ ਫਸਣ ਨਾਲ ਇਕ ਨਿੱਜੀ ਇੰਜੀਨੀਅਰਿੰਗ ਕਾਲਜ ਦੇ ਚਾਰ ਵਿਦਿਆਰਥੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵਿਦਿਆਰਥੀ ਆਪਣੇ ਕਾਲਜ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਨੁਕਸਾਨੀ ਕਾਰ ਨੂੰ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਉਨ੍ਹਾਂ ਅਨੁਸਾਰ ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਆਊਸ਼ੀ ਪਟੇਲ (ਕੰਪਿਊਟਰ ਸਾਇੰਸ ਦੀ ਪਹਿਲੇ ਸਾਲ ਦੀ ਵਿਦਿਆਰਥਣ), ਗਰਿਮਾ ਤ੍ਰਿਪਾਠੀ (ਕੰਪਿਊਟਰ ਸਾਇੰਸ ਦੀ ਦੂਜੇ ਸਾਲ ਦੀ ਵਿਦਿਆਰਥਣ), ਸਤੀਸ਼ ਕੁਮਾਰ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦਾ ਤੀਜੇ ਸਾਲ ਦਾ ਵਿਦਿਆਰਥੀ) ਅਤੇ ਪ੍ਰਤੀਕ ਸਿੰਘ (ਇਲੈਕਟ੍ਰਾਨਿਕ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ ਦੇ ਚੌਥੇ ਸਾਲ ਵਿਦਿਆਰਥੀ) ਵਜੋਂ ਹੋਈ ਹੈ। ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ।
ਸਿੰਘ ਨੇ ਦੱਸਿਆ,''ਚਾਰੇ ਵਿਦਿਆਰਥੀ ਇਕ ਕਾਰ 'ਚ ਸਵਾਰ ਹੋ ਕੇ ਪੀ.ਐੱਸ.ਆਈ.ਟੀ. (ਪ੍ਰਣਵੀਰ ਸਿੰਘ ਇੰਸਟੀਚਿਊਟ ਆਫ਼ ਤਕਨਾਲੋਜੀ) ਜਾ ਰਹੇ ਸਨ ਅਤੇ ਪਨਕੀ ਕੋਲ ਉਨ੍ਹਾਂ ਦੀ ਕਾਰ 2 ਟਰੱਕਾਂ ਵਿਚਾਲੇ ਫਸ ਗਈ।'' ਇਸ ਭਿਆਨਕ ਹਾਦਸੇ 'ਚ ਚਾਰ ਵਿਦਿਆਰਥਣਾਂ ਅਤੇ ਇਕ ਡਰਾਈਵਰ ਸਣੇ 5 ਲੋਕਾਂ ਦੀ ਮੌਤ ਹੋ ਗਈ।'' ਡੀ.ਸੀ.ਪੀ. ਨੇ ਦੱਸਿਆ ਕਿ ਜਾਨਲੇਵਾ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਫ਼ੋਰਸ ਮੌਕੇ 'ਤੇ ਪਹੁੰਚੀ ਅਤੇ ਨੁਕਸਾਨੀ ਕਾਰ ਨੂੰ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਦੋਵੇਂ ਟਰੱਕਾਂ ਦੇ ਡਰਾਈਵਰ ਹਾਦਸੇ ਤੋਂ ਬਾਅਦ ਟਰੱਕ ਛੱਡ ਕੇ ਫਰਾਰ ਹੋ ਗਏ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਵੇਂ ਟਰੱਕ ਜ਼ਬਤ ਕਰ ਲਏ ਗਏ ਹਨ। ਡੀ.ਸੀ.ਪੀ. ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8