ਯੂ. ਪੀ. ''ਚ 5 ਨਾਬਾਲਿਗਾਂ ਨਾਲ ਜਬਰ-ਜ਼ਨਾਹ, 3 ਦੀ ਹੱਤਿਆ
Wednesday, Apr 18, 2018 - 01:26 AM (IST)
ਇਟਾਵਾ/ਏਟਾ/ਨੋਇਡਾ/ਹਾਜੀਪੁਰ/ ਸ਼ਿਵਪੁਰੀ—ਜੰਮੂ-ਕਸ਼ਮੀਰ ਦੇ ਕਠੂਆ ਅਤੇ ਉੱਤਰ ਪ੍ਰਦੇਸ਼ ਦੇ ਉਨਾਵ ਵਿਖੇ ਹੋਈਆਂ ਜਬਰ-ਜ਼ਨਾਹ ਦੀਆਂ ਵਾਰਦਾਤਾਂ ਨੂੰ ਲੈ ਕੇ ਸਮੁੱਚੇ ਦੇਸ਼ ਵਿਚ ਆਏ ਉਬਾਲ ਦਰਮਿਆਨ ਮੰਗਲਵਾਰ ਉੱਤਰ ਪ੍ਰਦੇਸ਼ ਵਿਚ 5 ਨਾਬਾਲਗ ਕੁੜੀਆਂ ਨਾਲ ਜਬਰ-ਜ਼ਨਾਹ ਦੀਆਂ ਵਾਰਦਾਤਾਂ ਸਾਹਮਣੇ ਆਈਆਂ । ਇਨ੍ਹਾਂ ਵਿਚੋਂ 3 ਬੱਚੀਆਂ ਦੀ ਜਬਰ-ਜ਼ਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ।
ਉੱਤਰ ਪ੍ਰਦੇਸ਼ ਦੇ ਇਟਾਵਾ ਵਿਚ ਜੰਗਲ-ਪਾਣੀ ਲਈ ਘਰੋਂ ਗਈਆਂ ਦੋ ਸਕੀਆਂ ਭੈਣਾਂ ਦੀਆਂ ਲਾਸ਼ਾਂ ਮੰਗਲਵਾਰ ਸਵੇਰੇ ਖੇਤਾਂ ਵਿਚੋਂ ਮਿਲੀਆਂ। ਸ਼ੱਕ ਹੈ ਕਿ ਦੋਹਾਂ ਦੀ ਹੱਤਿਆ ਜਬਰ-ਜ਼ਨਾਹ ਪਿੱਛੋਂ ਕੀਤੀ ਗਈ ਹੈ।
ਬਸਰੇਹਰ ਥਾਣਾ ਖੇਤਰ ਦੇ ਇਕ ਪਿੰਡ ਵਿਚ ਸੋਮਵਾਰ ਸ਼ਾਮ 2 ਸਕੀਆਂ ਭੈਣਾਂ ਖੇਤਾਂ ਵਿਚ ਜੰਗਲ-ਪਾਣੀ ਲਈ ਗਈਆਂ ਸਨ। ਉਨ੍ਹਾਂ ਦੇ ਘਰ ਵਾਪਸ ਨਾ ਆਉਣ 'ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਸੋਚਿਆ ਕਿ ਦੋਵੇਂ ਗੁਆਂਢ ਦੇ ਇਕ ਪਿੰਡ ਵਿਚ ਲੱਗੇ ਹੋਏ ਇਕ ਮੇਲੇ ਵਿਚ ਗਈਆਂ ਹੋਣਗੀਆਂ। ਰਾਤ ਤਕ ਵਾਪਸ ਨਾ ਆਉਣ 'ਤੇ ਉਨ੍ਹਾਂ ਦੀ ਭਾਲ ਕੀਤੀ ਗਈ। ਦੋਹਾਂ ਦੀਆਂ ਲਾਸ਼ਾਂ ਇਕ ਖੇਤ ਵਿਚੋਂ ਮਿਲੀਆਂ।
ਓਧਰ ਏਟਾ ਦੇ ਕੋਤਵਾਲੀ ਨਗਰ ਖੇਤਰ ਵਿਚ ਇਕ ਵਿਆਹ ਸਮਾਰੋਹ ਵਿਚ ਆਈ 7 ਸਾਲ ਦੀ ਬੱਚੀ ਦੀ ਜਬਰ-ਜ਼ਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ। ਇਸ ਸੰਬੰਧੀ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੁੱਸੇ ਵਿਚ ਆਏ ਹੋਏ ਲੋਕਾਂ ਨੇ ਇਲਾਕੇ ਵਿਚ ਸੜਕੀ ਆਵਾਜਾਈ ਠੱਪ ਕੀਤੀ। ਯੂ. ਪੀ. ਦੇ ਹੀ ਗੰਗੋਹ ਵਿਖੇ ਪਰਿਵਾਰ ਦੇ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਮੰਗਲਵਾਰ ਸਵੇਰੇ ਇਕ ਘਰ ਵਿਚ ਦਾਖਲ ਹੋ ਕੇ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਨੂੰ ਮੁਹੱਲਾ ਵਾਸੀਆਂ ਨੇ ਮੌਕੇ 'ਤੇ ਹੀ ਫੜ ਲਿਆ।
ਨੋਇਡਾ ਦੇ ਥਾਣਾ ਫੇਜ਼-3 ਖੇਤਰ ਵਿਚ ਇਕ ਮੁਟਿਆਰ ਨਾਲ ਦੋ ਵਿਅਕਤੀਆਂ ਨੇ ਕਥਿਤ ਰੂਪ ਵਿਚ ਜਬਰ-ਜ਼ਨਾਹ ਕੀਤਾ।
ਬਿਹਾਰ ਦੇ ਵੈਸ਼ਾਲੀ ਜ਼ਿਲੇ ਵਿਚ ਵਾਸੂਦੇਵਪੁਰ ਪਿੰਡ ਵਿਚ ਦੋ ਵਿਅਕਤੀਆਂ ਨੇ 5 ਸਾਲ ਦੀ ਇਕ ਬੱਚੀ ਨੂੰ ਅਗਵਾ ਕਰ ਕੇ ਗੈਂਗਰੇਪ ਕੀਤਾ।
ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਵਿਚ ਵੀ 6 ਸਾਲ ਦੀ ਇਕ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ।
