ਉਨਾਓ ਰੇਪ ਪੀੜਤਾ ਦੇ ਪਿਤਾ ਦੀ ਹੱਤਿਆ ਮਾਮਲੇ ''ਚ ਕੁਲਦੀਪ ਸੇਂਗਰ ਦੋਸ਼ੀ ਕਰਾਰ, 4 ਬਰੀ
Wednesday, Mar 04, 2020 - 12:49 PM (IST)
ਨਵੀਂ ਦਿੱਲੀ— ਉਨਾਓ ਰੇਪ ਪੀੜਤਾ ਦੇ ਪਿਤਾ ਦੀ ਹੱਤਿਆ ਮਾਮਲੇ 'ਚ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਬੁੱਧਵਾਰ ਭਾਵ ਅੱਜ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪੀੜਤਾ ਦੇ ਪਿਤਾ ਨੂੰ ਬੇਰਹਿਮੀ ਨਾਲ ਮਾਰਿਆ ਗਿਆ, ਜਿਸ ਕਾਰਨ ਸੇਂਗਰ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਸਜ਼ਾ ਦਾ ਐਲਾਨ 12 ਮਾਰਚ ਨੂੰ ਕੀਤਾ ਜਾਵੇਗਾ। ਧਾਰਾ-304 ਅਤੇ 120ਬੀ ਤਹਿਤ ਕੁਲਦੀਪ ਸੇਂਗਰ ਨੂੰ ਤੀਸ ਹਜ਼ਾਰੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਸੇਂਗਰ ਸਮੇਤ ਕੁੱਲ 11 ਦੋਸ਼ੀ ਸਨ। ਇਨ੍ਹਾਂ 'ਚੋਂ 4 ਨੂੰ ਬਰੀ ਕਰ ਦਿੱਤਾ ਗਿਆ ਹੈ। ਬਾਕੀ 7 ਨੂੰ ਕੋਰਟ ਨੇ ਪੀੜਤਾ ਦੇ ਪਿਤਾ ਦੀ ਕਸਟੱਡੀ 'ਚ ਹੋਈ ਮੌਤ ਦਾ ਦੋਸ਼ੀ ਮੰਨਿਆ ਹੈ।
ਕੀ ਹੈ ਮਾਮਲਾ—
ਉਨਾਓ ਰੇਪ ਪੀੜਤਾ ਦੇ ਪਿਤਾ ਦੀ ਨਿਆਂਇਕ ਹਿਰਾਸਤ 'ਚ ਅਪ੍ਰੈਲ 2018 'ਚ ਮੌਤ ਹੋ ਗਈ ਸੀ। ਸੀ. ਬੀ. ਆਈ. ਇਸ ਮਾਮਲੇ ਵਿਚ ਸੇਂਗਰ ਸਮੇਤ ਹੋਰ ਕੋਈ ਲੋਕਾਂ ਨੂੰ ਪੀੜਤਾ ਦੇ ਪਿਤਾ ਦੀ ਹੱਤਿਆ ਦੇ ਦੋਸ਼ ਦੀ ਜਾਂਚ ਕਰ ਰਹੀ ਸੀ। ਸੀ. ਬੀ. ਆਈ. ਮੁਤਾਬਕ 3 ਅਪ੍ਰੈਲ 2018 ਨੂੰ ਪੀੜਤਾ ਦੇ ਪਿਤਾ ਅਤੇ ਦੋਸ਼ੀਆਂ ਵਿਚਾਲੇ ਝਗੜਾ ਹੋਇਆ ਸੀ। ਨਾਬਾਲਗ ਨਾਲ ਰੇਪ ਮਾਮਲੇ 'ਚ ਕੋਰਟ ਨੇ ਸੇਂਗਰ ਨੂੰ 20 ਦਸੰਬਰ 2019 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।