ਮੰਚ ''ਤੇ ਭਾਸ਼ਣ ਦਿੰਦੇ ਸਮੇਂ ਬੇਹੋਸ਼ ਹੋ ਕੇ ਡਿੱਗੇ ਕੇਂਦਰੀ ਮੰਤਰੀ ਨਿਤਿਨ ਗਡਕਰੀ
Wednesday, Apr 24, 2024 - 06:18 PM (IST)

ਮੁੰਬਈ- ਮਹਾਰਾਸ਼ਟਰ ਦੇ ਯਵਤਮਾਲ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਭਾਸ਼ਣ ਦਿੰਦੇ ਸਮੇਂ ਮੰਚ 'ਤੇ ਅਚਾਨਕ ਡਿੱਗ ਗਏ। ਮੰਚ 'ਤੇ ਮੌਜੂਦ ਲੋਕ ਤੁਰੰਤ ਉਨ੍ਹਾਂ ਨੂੰ ਚੁੱਕ ਕੇ ਇਲਾਜ ਲਈ ਲੈ ਗਏ। ਗਡਕਰੀ ਯਵਤਮਾਲ ਦੇ ਪੁਸਦ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਨ ਪਹੁੰਚ ਹੋਏ ਸਨ। ਉਹ ਮੰਚ 'ਤੇ ਬੋਲ ਹੀ ਰਹੇ ਸਨ ਕਿ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਏ, ਜਿਸ ਤੋਂ ਬਾਅਦ ਉਨ੍ਹਾਂ ਦੇ ਨੇੜੇ-ਤੇੜੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਤੁਰੰਤ ਇਲਾਜ ਲਈ ਲੈ ਗਏ।
ਹਾਲਾਂਕਿ ਕੁਝ ਦੇਰ ਬਾਅਦ ਨਿਤਿਨ ਗਡਕਰੀ ਨੇ ਐਕਸ 'ਤੇ ਪੋਸਟ ਕਰ ਕੇ ਦੱਸਿਆ ਕਿ ਗਰਮੀ ਕਾਰਨ ਉਨ੍ਹਾਂ ਨੂੰ ਅਸਹਿਜ ਮਹਿਸੂਸ ਹੋਇਆ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਮਹਿਸੂਸ ਕਰ ਰਹੇ ਹਨ। ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਨਾਗਪੁਰ ਸੀਟ 'ਤੇ ਪਹਿਲੇ ਪੜਾਅ 'ਚ ਵੋਟਿੰਗ ਹੋ ਚੁੱਕੀ ਹੈ। ਇੱਥੇ ਗਡਕਰੀ ਦਾ ਮੁਕਾਬਲਾ ਕਾਂਗਰਸ ਦੇ ਵਿਕਾਸ ਠਾਕਰੇ ਨਾਲ ਹੈ। ਨਿਤਿਨ ਇੱਥੋਂ ਤੀਜੀ ਵਾਰ ਚੋਣ ਲੜ ਰਹੇ ਹਨ। ਦੱਸਣਯੋਗ ਹੈ ਕਿ 2018 'ਚ ਵੀ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਇਕ ਪ੍ਰੋਗਰਾਮ ਦੌਰਾਨ ਨਿਤਿਨ ਗਡਕਰੀ ਮੰਚ 'ਤੇ ਬੇਹੋਸ਼ ਹੋ ਗਏ ਸਨ। ਇਸ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਵਿਦਿਆਸਾਗਰ ਰਾਵ ਉਨ੍ਹਾਂ ਨਾਲ ਮੌਜੂਦ ਸਨ। ਗਵਰਨਰ ਨੇ ਹੀ ਉਨ੍ਹਾਂ ਨੂੰ ਸਟੇਜ 'ਤੇ ਸੰਭਾਲਿਆ। ਉਦੋਂ ਦੱਸਿਆ ਗਿਆ ਸੀ ਕਿ ਸ਼ੂਗਰ ਲੈਵਲ ਘੱਟ ਹੋਣ ਕਾਰਨ ਗਡਕਰੀ ਨੂੰ ਚੱਕਰ ਆ ਗਏ। ਉਨ੍ਹਾਂ ਨੂੰ ਤੁਰੰਤ ਪਾਣੀ ਪਿਲਾਇਆ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e