ਦਿੱਲੀ ਦੇ ਹਸਪਤਾਲ ''ਚ 45 ਕਿਲੋ ਭਾਰ ਵਾਲੀ 2 ਸਾਲਾ ਬੱਚੀ ਦੀ ਹੋਈ ''ਬੇਰੀਏਟ੍ਰਿਕ ਸਰਜਰੀ''
Tuesday, Aug 03, 2021 - 05:36 PM (IST)
ਨਵੀਂ ਦਿੱਲੀ- ਦਿੱਲੀ ਦੇ ਇਕ ਹਸਪਤਾਲ 'ਚ 45 ਕਿਲੋਗ੍ਰਾਮ ਭਾਰ ਵਾਲੀ 2 ਸਾਲਾ ਬੱਚੀ ਦੀ ਸਰਜਰੀ ਕੀਤੀ ਗਈ। ਹਸਪਤਾਲ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ 'ਚ ਦੇਸ਼ 'ਚ 'ਬੇਰੀਏਟ੍ਰਿਕ ਸਰਜਰੀ' ਕਰਵਾਉਣ ਵਾਲੀ ਉਹ ਸਭ ਤੋਂ ਘੱਟ ਉਮਰ ਦੀ ਮਰੀਜ਼ ਹੈ। ਮੋਟਾਪੇ ਕਾਰਨ ਬੱਚੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਬੈੱਡ 'ਤੇ ਕਰਵਟ ਵੀ ਨਹੀਂ ਬਦਲ ਪਾਉਂਦੀ ਸੀ ਅਤੇ ਉਸ ਨੂੰ ਵ੍ਹੀਲਚੇਅਰ ਦਾ ਸਹਾਰਾ ਲੈਣਾ ਪੈ ਰਿਹਾ ਸੀ। ਪਟਪੜਗੰਜ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਨੇ ਭਾਰ ਘੱਟ ਕਰਨ ਲਈ ਬੱਚੀ ਦੇ ਢਿੱਡ ਦੀ ਸਰਜਰੀ ਕੀਤੀ। ਹਸਪਤਾਲ ਨੇ ਇਕ ਬਿਆਨ 'ਚ ਕਿਹਾ,''ਬੱਚਿਆਂ ਲਈ ਬੇਰੀਏਟ੍ਰਿਕ ਸਰਜਰੀ ਦਾ ਮਾਮਲਾ ਦੁਰਲੱਭ ਹੈ। ਇਸ ਲਈ ਇਸ ਮਾਮਲੇ ਨੂੰ ਇਕ ਦਹਾਕੇ ਤੋਂ ਵੱਧ ਸਮੇਂ 'ਚ ਭਾਰਤ 'ਚ ਸਭ ਤੋਂ ਘੱਟ ਉਮਰ ਦੀ ਮਰੀਜ਼ ਦੀ ਬੇਰੀਏਟ੍ਰਿਕ ਸਰਜਰੀ ਕਿਹਾ ਜਾ ਸਕਦਾ ਹੈ। ਐਮਰਜੈਂਸੀ ਮੈਡੀਕਲ ਜ਼ਰੂਰਤ ਕਾਰਨ ਇਹ ਪ੍ਰਕਿਰਿਆ ਕੀਤੀ ਗਈ।'' ਬੇਰੀਏਟ੍ਰਿਕ ਸਰਜਰੀ ਦੀ ਪ੍ਰਕਿਰਿਆ ਤੋਂ ਬਾਅਦ ਰੋਗੀਆਂ ਨੂੰ ਢਿੱਡ ਭਰੇ ਹੋਣ ਦਾ ਅਹਿਸਾਸ ਮਿਲਦਾ ਹੈ ਅਤੇ ਭੁੱਖ ਘੱਟ ਲੱਗਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਸਿਹਤ 'ਚ ਮਹੱਤਵਪੂਰਨ ਸੁਧਾਰ ਹੁੰਦਾ ਹੈ।
ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ
ਪੇਡ੍ਰਿਏਟਿਕ ਇੰਡੋਕ੍ਰਾਓਨੋਲਾਜੀ ਕੰਸਲਟੈਂਟ ਡਾ. ਮਨਪ੍ਰੀਤ ਸੇਠੀ ਨੇ ਦੱਸਿਆ,''ਜਨਮ ਦੇ ਸਮੇਂ ਬੱਚੀ ਦੀ ਹਾਲਤ ਆਮ ਸੀ ਅਤੇ ਉਸ ਦਾ ਭਾਰ 2.5 ਕਿਲੋਗ੍ਰਾਮ ਸੀ। ਹਾਲਾਂਕਿ ਜਲਦ ਹੀ ਉਸ ਦਾ ਭਾਰ ਵਧਣ ਲੱਗਾ ਅਤੇ 6 ਮਹੀਨਿਆਂ 'ਚ 14 ਕਿਲੋਗ੍ਰਾਮ ਭਾਰ ਹੋ ਗਿਆ। ਆਮ ਤੌਰ 'ਤੇ ਇਸ ਉਮਰ 'ਚ ਬੱਚਿਆਂ ਦਾ ਭਾਰ 12 ਤੋਂ 15 ਕਿਲੋਗ੍ਰਾਮ ਦਰਮਿਆਨ ਹੁੰਦਾ ਹੈ। ਸੇਠੀ ਨੇ ਕਿਹਾ ਕਿ ਬੱਚੀ ਦੀ ਸਿਹਤ ਤੇਜ਼ੀ ਨਾਲ ਵਿਗੜਨ ਲੱਗੀ ਅਤੇ ਸਾਹ ਲੈਣ 'ਚ ਪਰੇਸ਼ਾਨੀ ਆਉਣ ਦੇ ਨਾਲ ਨੀਂਦ 'ਚ ਵੀ ਖ਼ਰਾਬੀ ਹੋਣ ਲੱਗੀ। ਉਹ ਠੀਕ ਤਰ੍ਹਾਂ ਨਾਲ ਪਲਟ ਵੀ ਨਹੀਂ ਪਾਉਂਦੀ ਸੀ ਅਤੇ ਪਿੱਠ ਦੇ ਭਾਰ ਲੇਟੇ ਰਹਿਣਾ ਪੈਂਦਾ ਸੀ। ਉਨ੍ਹਾਂ ਕਿਹਾ,''ਇਹ ਇਕ ਸਖ਼ਤ ਫ਼ੈਸਲਾ ਸੀ ਪਰ ਅਸੀਂ ਉਸ ਦੀ ਜਾਨ ਬਚਾਉਣ ਲਈ 'ਬੇਰੀਏਟ੍ਰਿਕ ਸਰਜਰੀ' ਦਾ ਸਹਾਰਾ ਲੈਣ ਦਾ ਫ਼ੈਸਲਾ ਕੀਤਾ। ਬੱਚੀ ਦਾ ਭਾਰ ਇੰਨਾ ਵੱਧ ਗਿਆ ਸੀ ਕਿ ਉਸ ਦੇ ਮਾਤਾ-ਪਿਤਾ ਵੀ ਉਸ ਨੂੰ ਗੋਦ 'ਚ ਨਹੀਂ ਚੁੱਕ ਪਾਉਂਦੇ ਸਨ ਅਤੇ 10 ਮਹੀਨੇ ਦੀ ਉਮਰ ਤੋਂ ਬਾਅਦ ਹੀ ਉਸ ਨੂੰ ਵ੍ਹੀਲਚੇਅਰ 'ਤੇ ਰਹਿਣਾ ਪੈ ਰਿਹਾ ਸੀ।'' ਡਾਕਟਰਾਂ ਦੀ ਟੀਮ ਅੱਗੇ ਵੀ ਬੱਚੀ ਦੀ ਨਿਗਰਾਨੀ ਕਰੇਗੀ। ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਲੜਾਈ ਹਾਲੇ ਅੱਧੀ ਜਿੱਤੀ ਹੈ ਅਤੇ ਉਨ੍ਹਾਂ ਨੇ ਹਾਲੇ ਲੰਬਾ ਰਸਤਾ ਤੈਅ ਕਰਨਾ ਹੈ। ਉਨ੍ਹਾਂ ਕਿਹਾ,''ਪਿਛਲੇ 2 ਸਾਲ ਸਾਡੇ ਲਈ ਕਾਫ਼ੀ ਮੁਸ਼ਕਲਾਂ ਭਰੇ ਸਨ ਅਤੇ ਸਰਜਰੀ ਕਰਵਾਉਣ ਦਾ ਫ਼ੈਸਲਾ ਬਹੁਤ ਕਠਿਨ ਰਿਹਾ, ਕਿਉਂਕਿ ਇਸ ਉਮਰ ਦੇ ਬੱਚੇ ਲਈ ਪਹਿਲਾਂ ਤੋਂ ਕੋਈ ਇਲਾਜ ਦੇ ਢੰਗ ਦਾ ਪਤਾ ਨਹੀਂ ਸੀ।''
ਇਹ ਵੀ ਪੜ੍ਹੋ : ਅਜੀਬ ਬੀਮਾਰੀ ਤੋਂ ਪੀੜਤ ਬੱਚੇ ਦੀ ਜਾਗੀ ਕਿਸਮਤ, ਲੱਕੀ ਡਰਾਅ 'ਚ ਜਿੱਤਿਆ 16 ਕਰੋੜ ਦਾ ਟੀਕਾ