ਪ੍ਰੇਮਿਕਾ 'ਤੇ ਪੈਸੇ ਲੁਟਾਉਣ ਲਈ TTE ਬਣ ਕੇ ਯਾਤਰੀਆਂ ਨਾਲ ਕਰਦਾ ਸੀ ਠੱਗੀ, ਇੰਝ ਚੜ੍ਹਿਆ ਪੁਲਸ ਦੇ ਹੱਥੇ
Thursday, Feb 16, 2023 - 04:04 PM (IST)
ਇੰਦੌਰ (ਭਾਸ਼ਾ)- ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੇ ਵੀਰਵਾਰ ਨੂੰ ਇੰਦੌਰ ਵਿਚ ਇਕ 34 ਸਾਲਾ ਫਰਜ਼ੀ ਯਾਤਰਾ ਟਿਕਟ ਜਾਂਚਕਰਤਾ (ਟੀ.ਟੀ.ਈ.) ਨੂੰ ਗ੍ਰਿਫ਼ਤਾਰ ਕੀਤਾ। ਜੀਆਰਪੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਪ੍ਰੇਮਿਕਾ 'ਤੇ ਪੈਸੇ ਖ਼ਰਚ ਕਰਨ ਲਈ ਮੱਧ ਪ੍ਰਦੇਸ਼ ਸਮੇਤ 8 ਰਾਜਾਂ 'ਚ ਰੇਲਵੇ ਯਾਤਰੀਆਂ ਨਾਲ ਠੱਗੀ ਕੀਤੀ ਅਤੇ ਮੋਬਾਈਲ ਫ਼ੋਨ ਚੋਰੀ ਕੀਤੇ। ਪੁਲਸ ਸੁਪਰਡੈਂਟ (ਜੀਆਰਪੀ) ਨਿਵੇਦਿਤਾ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਪੁਣੇ ਦੇ ਰਹਿਣ ਵਾਲੇ ਪ੍ਰਸ਼ਾਂਤ ਪਾਂਡਾ (34) ਵਜੋਂ ਹੋਈ ਹੈ, ਜਿਸ ਨੇ ਸਿਰਫ਼ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਾਂਡਾ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੇ ਸਾਹਮਣੇ ਖ਼ੁਦ ਨੂੰ ਟੀਟੀਈ ਵਜੋਂ ਪੇਸ਼ ਕਰਦਾ ਸੀ ਅਤੇ ਉਨ੍ਹਾਂ ਦੀ ਰੇਲ ਟਿਕਟ ਪੱਕੀ ਕਰਵਾਉਣ ਦੇ ਨਾਮ 'ਤੇ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਨਕਦੀ ਲੈ ਕੇ ਗਾਇਬ ਹੋ ਜਾਂਦਾ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮੁਲਜ਼ਮ ਨੇ ਮੱਧ ਪ੍ਰਦੇਸ਼ ਦੇ ਨਾਲ-ਨਾਲ ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਦਿੱਲੀ, ਤੇਲੰਗਾਨਾ, ਕਰਨਾਟਕ ਅਤੇ ਉਡੀਸ਼ਾਂ 'ਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਵਿਆਹ ਦਾ ਦਬਾਅ ਬਣਾਉਣ 'ਤੇ ਸੋਸਾਇਟੀ ਦੇ ਗਾਰਡ ਨੇ ਔਰਤ ਦਾ ਕਤਲ ਕਰ ਝਾੜੀਆਂ 'ਚ ਸੁੱਟੀ ਲਾਸ਼
ਗੁਪਤਾ ਨੇ ਦੱਸਿਆ,"ਪਾਂਡਾ ਦੇ ਕਬਜ਼ੇ 'ਚੋਂ 8 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਕੁੱਲ 79 ਮੋਬਾਇਲ ਫ਼ੋਨਾਂ ਦਾ ਵੇਰਵਾ ਆਨਲਾਈਨ ਕਲਾਸੀਫਾਈਡ ਇਸ਼ਤਿਹਾਰਾਂ ਦੀ ਵੈੱਬਸਾਈਟ 'ਤੇ ਆਨਲਾਈਨ ਵਿਕਰੀ ਲਈ ਪਾ ਰੱਖਿਆ ਹੈ।'' ਪੁਲਸ ਸੁਪਰਡੈਂਟ ਨੇ ਦੱਸਿਆ ਕਿ ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲਾ ਪਾਂਡਾ ਅਤੇ ਉਸ ਦੀ ਪ੍ਰੇਮਿਕਾ ਬੈਂਗਲੁਰੂ ਦੇ ਇਕ ਸ਼ਾਪਿੰਗ ਮਾਲ 'ਚ ਕੰਮ ਕਰਦੇ ਸਨ। ਉਨ੍ਹਾਂ ਦੱਸਿਆ,"ਕੋਵਿਡ -19 ਦੇ ਪ੍ਰਕੋਪ ਕਾਰਨ ਇਸ ਸ਼ਾਪਿੰਗ ਮਾਲ ਦੇ ਬੰਦ ਹੋਣ ਤੋਂ ਬਾਅਦ ਪਾਂਡਾ ਨੇ ਆਪਣੀ ਪ੍ਰੇਮਿਕਾ ਨਾਲ ਹੋਟਲਾਂ 'ਚ ਰਹਿਣ ਲਈ ਟੀਟੀਈ ਬਣ ਕੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਪੁਲਸ ਸੁਪਰਡੈਂਟ ਅਨੁਸਾਰ ਮੁਲਜ਼ਮ ਦੀ ਪ੍ਰੇਮਿਕਾ ਜਿਸ ਮੋਬਾਈਲ ਫੋਨ ਦੀ ਵਰਤੋਂ ਕਰ ਰਹੀ ਸੀ, ਉਹ ਵੀ ਚੋਰੀ ਦਾ ਸੀ। ਉਨ੍ਹਾਂ ਦੱਸਿਆ ਕਿ ਇਸ ਔਰਤ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 411 (ਬੇਈਮਾਨੀ ਨਾਲ ਚੋਰੀ ਦਾ ਸਮਾਨ ਪ੍ਰਾਪਤ ਕਰਨਾ) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਸ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ