ਖੱਬੇਪੱਖੀ ਰਾਜ ਦੌਰਾਨ ਤ੍ਰਿਪੁਰਾ ਪੱਛੜਿਆ, ਭਾਜਪਾ ਨੇ ਕੀਤਾ ਵਿਕਾਸ : ਅਮਿਤ ਸ਼ਾਹ
Sunday, Dec 22, 2024 - 08:03 PM (IST)
ਧਲਾਈ (ਤ੍ਰਿਪੁਰਾ) (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੱਬੀਆਂ ਪਾਰਟੀਆਂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਆਪਣੇ 35 ਸਾਲਾਂ ਦੇ ਰਾਜ ਦੌਰਾਨ ਤ੍ਰਿਪੁਰਾ ਨੂੰ ਪੱਛੜਿਆ ਸੂਬਾ ਬਣਾ ਦਿੱਤਾ।
ਸ਼ਾਹ ਨੇ ਉਜਾੜੇ ਗਏ ਬਰੂ ਆਦਿਵਾਸੀਆਂ ਦੇ ਮੁੜ-ਵਸੇਬੇ ਵਾਲੇ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਐਤਵਾਰ ਇੱਥੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2018 ’ਚ ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਹੀ ਇੱਥੇ ਤਰੱਕੀ ਹੋ ਸਕੀ। ਕਮਿਊਨਿਸਟ ਰਾਜ ਦੌਰਾਨ ਤ੍ਰਿਪੁਰਾ ਵਿਕਾਸ ਦੇ ਸਾਰੇ ਪੈਮਾਨਿਆਂ ’ਤੇ ਪੱਛੜ ਗਿਆ ਸੀ ਪਰ ਹੁਣ ਉਹ ਤਰੱਕੀ ਦੀ ਰਾਹ ’ਤੇ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਮਿਊਨਿਸਟਾਂ ਨੇ ਤ੍ਰਿਪੁਰਾ ’ਤੇ 35 ਸਾਲ ਰਾਜ ਕੀਤਾ। ਕਮਿਊਨਿਸਟਾਂ ਨੇ ਦਾਅਵਾ ਕੀਤਾ ਸੀ ਕਿ ਉਹ ਗਰੀਬਾਂ ਦੀ ਭਲਾਈ ਲਈ ਕੰਮ ਕਰਦੇ ਹਨ। ਕਾਂਗਰਸ ਨੇ ਵੀ ਲੰਬਾ ਸਮਾਂ ਇੱਥੇ ਰਾਜ ਕੀਤਾ ਪਰ ਸੂਬੇ ਦੇ ਲੋਕ ਹਮੇਸ਼ਾ ਗਰੀਬ ਹੀ ਰਹੇ। ਜਦੋਂ ਭਾਜਪਾ ਸੱਤਾ ’ਚ ਆਈ ਤਾਂ ਤ੍ਰਿਪੁਰਾ ’ਚ ਵਿਕਾਸ ਹੋਇਆ।
ਸ਼ਾਹ ਨੇ ਕਿਹਾ ਕਿ ਜਦੋਂ ਮੈਂ 2017 ’ਚ ਭਾਜਪਾ ਦੇ ਪ੍ਰਧਾਨ ਵਜੋਂ ਤ੍ਰਿਪੁਰਾ ਆਇਅਾ ਸੀ ਤਾਂ ਇੱਥੇ 5 ਦਿਨ ਰੁਕਿਅਾ ਸੀ। ਉਦੋਂ ਸਿਰਫ 11 ਵਿਅਕਤੀਆਂ ਨੇ ਪਾਰਟੀ ਦੀ ਮੈਂਬਰੀ ਲਈ ਸੀ। ਹੌਲੀ-ਹੌਲੀ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਅਸੀਂ ਸਖ਼ਤ ਮਿਹਨਤ ਕੀਤੀ। ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਅਸੀਂ ਕਮਿਊਨਿਸਟਾਂ ਨੂੰ ਸੱਤਾ ਤੋਂ ਲਾਂਭੇ ਕਰਨ ’ਚ ਕਾਮਯਾਬ ਹੋਏ।
ਗ੍ਰਹਿ ਮੰਤਰੀ ਨੇ ਕਿਹਾ ਕਿ ਖੱਬੇਪੱਖੀ ਰਾਜ ਦੌਰਾਨ ਸਿਰਫ 2.5 ਫੀਸਦੀ ਲੋਕਾਂ ਨੂੰ ਟੂਟੀਆਂ ਰਾਹੀਂ ਪੀਣ ਵਾਲਾ ਪਾਣੀ ਮਿਲਦਾ ਸੀ। ਹੁਣ 85 ਫੀਸਦੀ ਲੋਕਾਂ ਨੂੰ ਅਜਿਹਾ ਪੀਣ ਵਾਲਾ ਪਾਣੀ ਮਿਲਦਾ ਹੈ।
ਕਮਿਊਨਿਸਟ ਰਾਜ ਦੌਰਾਨ ਗਰੀਬਾਂ ਨੂੰ ਮੁਫਤ ਅਨਾਜ ਨਹੀਂ ਮਿਲਦਾ ਸੀ ਪਰ ਹੁਣ ਹਰੇਕ ਵਿਅਕਤੀ ਨੂੰ 5 ਕਿਲੋ ਚੌਲ ਮਿਲਦੇ ਹਨ। ਹਰ ਵਿਅਕਤੀ ਦਾ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ।
ਸ਼ਾਹ ਨੇ ਕਿਹਾ ਕਿ ਤ੍ਰਿਪੁਰਾ ’ਚ ਨਿਵੇਸ਼ ਹੋਇਆ ਹੈ। ਲੋਕਾਂ ਲਈ ਮੁਫਤ ਬਿਜਲੀ ਤੇ ਐੱਲ. ਪੀ. ਜੀ. ਕੁਨੈਕਸ਼ਨ ਉਪਲਬਧ ਹਨ। ਹੁਣ ਸਕੂਲ ਛੱਡਣ ਦੀ ਦਰ ਤਿੰਨ ਫੀਸਦੀ ਤੋਂ ਵੀ ਘੱਟ ਹੈ, ਜਦ ਕਿ ਦਾਖਲਾ 99 ਫੀਸਦੀ ਹੈ। ਖੱਬੇਪੱਖੀ ਰਾਜ ਦੌਰਾਨ ਇਹ ਦਰ ਬਹੁਤ ਮਾੜੀ ਸੀ।
ਉਨ੍ਹਾਂ ਕਿਹਾ ਕਿ ਬਾਗੀਆਂ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਹੁਣ ਤ੍ਰਿਪੁਰਾ ’ਚ ਸ਼ਾਂਤੀ ਹੈ। ਮਾਂ ਤ੍ਰਿਪੁਰਸੁੰਦਰੀ ਦੇ ਆਸ਼ੀਰਵਾਦ ਨਾਲ ਤ੍ਰਿਪੁਰਾ ਦੇਸ਼ ਦੇ ਸਭ ਤੋਂ ਵਿਕਸਤ ਸੂਬਿਆਂ ’ਚੋਂ ਇਕ ਹੋਵੇਗਾ।
ਬਰੂ ਸ਼ਰਨਾਰਥੀਆਂ ਦੇ ਮੁੜ-ਵਸੇਬੇ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਨੇ 40,000 ਬੇਘਰ ਹੋਏ ਲੋਕਾਂ ਦੇ ਮੁੜ-ਵਸੇਬੇ ਦਾ ਫੈਸਲਾ ਕੀਤਾ ਹੈ।