ਭਾਜਪਾ ਹਾਈ ਕਮਾਨ ਰਾਜ ਸਭਾ ਲਈ 16 ਉਮੀਦਵਾਰ ਮੈਦਾਨ ’ਚ ਉਤਾਰੇਗੀ
Monday, Mar 02, 2026 - 11:47 PM (IST)
ਨੈਸ਼ਨਲ ਡੈਸਕ- ਭਾਜਪਾ ਹਾਈ ਕਮਾਨ 16 ਮਾਰਚ ਨੂੰ ਰਾਜ ਸਭਾ ਦੀਆਂ ਕੁੱਲ 37 ਸੀਟਾਂ ਲਈ ਹੋਣ ਵਾਲੀਆਂ ਚੋਣਾਂ ਲਈ ਲੱਗਭਗ 16 ਉਮੀਦਵਾਰਾਂ ਦੀ ਚੋਣ ਕਰਨ ਲਈ ਕਿਸੇ ਵੀ ਦਿਨ ਮੀਟਿੰਗ ਕਰ ਸਕਦੀ ਹੈ। ਵਿਚਾਰੇ ਜਾ ਰਹੇ ਪ੍ਰਮੁੱਖ ਨਾਵਾਂ ’ਚ ਬਿਹਾਰ ਤੋਂ ਪਾਰਟੀ ਪ੍ਰਧਾਨ ਨਿਤਿਨ ਨਬੀਨ ਵੀ ਸ਼ਾਮਲ ਹਨ ਪਰ ਉਨ੍ਹਾਂ ਬਾਰੇ ਅਜੇ ਕੁਝ ਉਲਝਨ ਹੈ।
ਕਿਹਾ ਜਾਂਦਾ ਹੈ ਕਿ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੇ ਨਿਤਿਨ ਗਡਕਰੀ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਕਾਫ਼ੀ ਸਮੇਂ ਤੱਕ ਵਿਧਾਇਕ ਹੀ ਰਹੇ ਸਨ। ਬਿਹਾਰ ’ਚ ਭਾਜਪਾ ਨੂੰ 5 ਸੀਟਾਂ ’ਚੋਂ 2 ਜਿੱਤਣ ਦੀ ਉਮੀਦ ਹੈ, ਬਾਕੀ 2 ਸੀਟਾਂ ਜਨਤਾ ਦਲ (ਯੂ) ਜਿੱਤ ਸਕਦੀ ਹੈ। ਮਹਾਗੱਠਜੋੜ ਏ. ਆਈ. ਐੱਮ. ਆਈ. ਐੱਮ. ਦੀ ਮਦਦ ਨਾਲ ਇਕ ਸੀਟ ਜਿੱਤ ਸਕਦਾ ਹੈ। ਇਹ ਸੀਟ ਇਸ ਸਮੇਂ ਖਾਲੀ ਹੈ।
ਭਜਪੁਰੀ ਗਾਇਕ ਪਵਨ ਸਿੰਘ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ। ਉਨ੍ਹਾਂ ਕੁਝ ਦਿਨ ਪਹਿਲਾਂ ਦਿੱਲੀ ’ਚ ਹਾਈ ਕਮਾਨ ਨਾਲ ਮੁਲਾਕਾਤ ਕੀਤੀ ਸੀ। ਸਾਬਕਾ ਸੰਸਦ ਮੈਂਬਰ ਰਮਾ ਦੇਵੀ, ਨੰਦ ਕਿਸ਼ੋਰ ਯਾਦਵ, ਰਾਕੇਸ਼ ਤਿਵਾੜੀ ਤੇ ਰਿਤੁਰਾਜ ਸਿਨ੍ਹਾ ਵੀ ਦੌੜ ’ਚ ਹਨ।
ਕੁਝ ਹੋਰ ਪ੍ਰਮੁੱਖ ਨਾਵਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ’ਚ ਤਾਮਿਲਨਾਡੂ ਭਾਜਪਾ ਦੇ ਸਾਬਕਾ ਪ੍ਰਧਾਨ ਕੇ. ਅੰਨਾਮਲਾਈ, ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਅਦਾਕਾਰ-ਰਾਜਨੇਤਾ ਮਿਥੁਨ ਚੱਕਰਵਰਤੀ, ਓਡਿਸ਼ਾ ਭਾਜਪਾ ਦੇ ਸੂਬਾਈ ਪ੍ਰਧਾਨ ਮਨਮੋਹਨ ਸਮਾਲ ਤੇ ਓਡਿਸ਼ਾ ਤੋਂ ਅਭਿਨੰਦਨ ਪਾਂਡਾ ਸ਼ਾਮਲ ਹਨ। ਮਨਮੋਹਨ ਨੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਜਿੱਤ ’ਚ ਮੁੱਖ ਭੂਮਿਕਾ ਨਿਭਾਈ ਸੀ।
ਕਾਂਗਰਸ ਦੀ ਸਾਬਕਾ ਨੇਤਰੀ ਕਿਰਨ ਚੌਧਰੀ ਜੋ 2 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਈ ਸੀ, ਇਕ ਹੋਰ ਕਾਰਜਕਾਲ ਦੀ ਉਮੀਦ ਕਰ ਰਹੀ ਹੈ ਪਰ ਅਫਵਾਹਾਂ ਹਨ ਕਿ ਪਾਰਟੀ ਹਰਿਆਣਾ ’ਚ ਖਾਲੀ ਹੋਣ ਵਾਲੀ ਸੀਟ ਲਈ ਇਕ ਜਾਟ ਨੇਤਾ ਦੀ ਚੋਣ ਕਰ ਸਕਦੀ ਹੈ।
ਕਈ ਹੋਰ ਨਾਵਾਂ ’ਤੇ ਵੀ ਚਰਚਾ ਕੀਤੀ ਜਾ ਰਹੀ ਹੈ ਜਿਨ੍ਹਾਂ ’ਚ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ, ਕੈਪਟਨ ਅਭਿਮਨਿਊ; ਅੰਬਾਲਾ ਦੇ ਸਾਬਕਾ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦੀ ਪਤਨੀ ਬੰਤੋ ਕਟਾਰੀਆ, ਸਿਰਸਾ ਦੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ; ਕਰਨਾਲ ਦੇ ਸਾਬਕਾ ਸੰਸਦ ਮੈਂਬਰ ਸੰਜੇ ਭਾਟੀਆ; ਸਾਬਕਾ ਮੰਤਰੀ ਮਨੀਸ਼ ਗਰੋਵਰ ਤੇ ਸਾਬਕਾ ਮੰਤਰੀ ਅਸੀਮ ਗੋਇਲ ਸ਼ਾਮਲ ਹਨ।
