ਰਾਜ ਸਭਾ ਚੋਣਾਂ ’ਚ ਭਾਜਪਾ ਨੂੰ ਮਿਲੇਗਾ ਵੱਡਾ ਫਾਇਦਾ, ਹਰਿਆਣਾ ’ਚ ਫਿਰ ਤੋਂ ਦੇਖਣ ਨੂੰ ਮਿਲ ਸਕਦੀ ਹੈ ਤਿੱਖੀ ਟੱਕਰ
Thursday, Feb 19, 2026 - 11:45 PM (IST)
ਨੈਸ਼ਨਲ ਡੈਸਕ- ਰਾਜ ਸਭਾ ’ਚ ਭਾਜਪਾ ਦੀ ਗਿਣਤੀ 103 ਤੋਂ ਵੱਧ ਕੇ 110 ਹੋਣ ਦੀ ਸੰਭਾਵਨਾ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੋਵੇਗੀ। 16 ਮਾਰਚ ਨੂੰ 10 ਸੂਬਿਆਂ ’ਚ 37 ਸੀਟਾਂ ਲਈ ਦੋ ਸਾਲਾਂ ਦੇ ਵਕਫੇ ਪਿੱਛੋਂ ਚੋਣਾਂ ਹੋਣੀਆਂ ਹਨ, ਜਿਨ੍ਹਾਂ ’ਚੋਂ 6 ’ਤੇ ਭਾਜਪਾ ਦੇ ਸੰਸਦ ਮੈਂਬਰ ਸੇਵਾਮੁਕਤ ਹੋ ਰਹੇ ਹਨ ਪਰ ਭਾਜਪਾ ਨੂੰ 5 ਵਾਧੂ ਸੀਟਾਂ ਮਿਲਣ ਦੀ ਸੰਭਾਵਨਾ ਹੈ। ਪਾਰਟੀ ਨੂੰ ਮਹਾਰਾਸ਼ਟਰ (1), ਬਿਹਾਰ (2), ਪੱਛਮੀ ਬੰਗਾਲ (1) ਅਤੇ ਛੱਤੀਸਗੜ੍ਹ (1) ’ਚ ਵਾਧੂ ਲਾਭ ਮਿਲੇਗਾ। ਪੂਰੀ ਸੰਭਾਵਨਾ ਹੈ ਕਿ ਜੇਕਰ ਬੀ. ਜੇ. ਡੀ. ਅਤੇ ਕਾਂਗਰਸ ਗੱਠਜੋੜ ਨਹੀਂ ਕਰਦੇ ਹਨ ਤਾਂ ਭਾਜਪਾ ਓਡਿਸ਼ਾ ’ਚ ਵੀ ਇਕ ਵਾਧੂ ਸੀਟ ਜਿੱਤ ਸਕਦੀ ਹੈ।
ਜੇਕਰ ਬਿਹਾਰ ’ਚ ਵਿਰੋਧੀ ਧਿਰਾਂ ਇਕਜੁੱਟ ਨਹੀਂ ਹੁੰਦੀਆਂ ਹਨ, ਤਾਂ ਭਾਜਪਾ ਤੇ ਜਦ-ਯੂ ਗੱਠਜੋੜ ਬਿਹਾਰ ’ਚ ਵੀ ਇਕ ਵਾਧੂ ਸੀਟ ਜਿੱਤ ਕੇ ਸਾਰੀਆਂ 5 ਸੀਟਾਂ ’ਤੇ ਆਪਣਾ ਝੰਡਾ ਲਹਿਰਾਅ ਸਕਦਾ ਹੈ। ਬਿਹਾਰ ’ਚ ਭਾਜਪਾ ਨੂੰ 2 ਸੀਟਾਂ ਮਿਲਣਗੀਆਂ ਕਿਉਂਕਿ ਸੇਵਾਮੁਕਤ ਹੋਣ ਵਾਲੇ ਸਾਰੇ 5 ਸੰਸਦ ਮੈਂਬਰ ਰਾਜਦ (2), ਜਦ-ਯੂ (2) ਅਤੇ ਉਪੇਂਦਰ ਕੁਸ਼ਵਾਹਾ (ਆਰ. ਐੱਲ. ਐੱਮ., ਐੱਨ. ਡੀ. ਏ. ਦਾ ਹਿੱਸਾ) ਤੋਂ ਹਨ।
ਇਹ ਵੀ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੂੰ ਬਿਹਾਰ ’ਚ ਰਾਜ ਸਭਾ ਚੋਣਾਂ ਲਈ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਇਹ ਵੀ ਦੇਖਣਾ ਬਾਕੀ ਹੈ ਕਿ ਉਪੇਂਦਰ ਕੁਸ਼ਵਾਹਾ ਨੂੰ ਇਸ ਵਾਰ ਐੱਨ. ਡੀ. ਏ. ਵੱਲੋਂ ਰਾਜ ਸਭਾ ਸੀਟ ਦਿੱਤੀ ਜਾਵੇਗੀ ਜਾਂ ਨਹੀਂ, ਕਿਉਂਕਿ ਉਨ੍ਹਾਂ ਦੇ ਬੇਟੇ ਨੂੰ ਮੰਤਰੀ ਬਣਾਇਆ ਗਿਆ ਹੈ।
ਭਾਜਪਾ ਦੀ ਅਸਲੀ ਪ੍ਰੀਖਿਆ ਹਰਿਆਣਾ ’ਚ ਹੋਵੇਗੀ, ਜਿੱਥੇ ਉਸ ਨੇ 2022 ’ਚ ਦੋਵੇਂ ਰਾਜ ਸਭਾ ਸੀਟਾਂ ਬਹੁਤ ਘੱਟ ਫਰਕ ਨਾਲ ਜਿੱਤੀਆਂ ਸਨ ਪਰ ਇਸ ਵਾਰ ਸੰਭਵ ਹੈ ਕਿ ਕਾਂਗਰਸ ਆਪਣੇ ਸਦਨ ਨੂੰ ਬਰਕਰਾਰ ਰੱਖ ਸਕੇ। ਪਿਛਲੀ ਵਾਰ ਕਿਰਨ ਚੌਧਰੀ ਕਾਂਗਰਸ ’ਚ ਸਨ ਅਤੇ ਖ਼ਬਰਾਂ ਮੁਤਾਬਕ ਉਨ੍ਹਾਂ ਨੇ ਕਰਾਸ ਵੋਟਿੰਗ ਕੀਤੀ ਸੀ, ਜਿਸ ਕਾਰਨ ਅਜੇ ਮਾਕਨ ਹਾਰ ਗਏ ਸਨ।
ਇਸ ਵਾਰ ਜੇਕਰ ਬੀ. ਐੱਸ. ਹੁੱਡਾ ਦਾ ਫ਼ਰਮਾਨ ਕਾਇਮ ਰਹਿੰਦਾ ਹੈ, ਤਾਂ ਕਾਂਗਰਸ ਨੂੰ ਇਕ ਸੀਟ ਦਾ ਫਾਇਦਾ ਹੋ ਸਕਦਾ ਹੈ। ਅਜੇ ਇਹ ਦੇਖਣਾ ਬਾਕੀ ਹੈ ਕਿ ਭਾਜਪਾ 2 ਸੀਟਾਂ ’ਤੇ ਕਿਸ ਨੂੰ ਮੈਦਾਨ ’ਚ ਉਤਾਰੇਗੀ। ਕਾਂਗਰਸ ਛੱਤੀਸਗੜ੍ਹ ਅਤੇ ਮਹਾਰਾਸ਼ਟਰ ’ਚ ਇਕ-ਇਕ ਸੀਟ ਹਾਰੇਗੀ ਪਰ ਹਿਮਾਚਲ ਪ੍ਰਦੇਸ਼ ’ਚ ਉਸ ਨੂੰ ਇਕ ਸੀਟ ਮਿਲੇਗੀ, ਜਿੱਥੇ ਇੰਦੂ ਬਾਲਾ (ਭਾਜਪਾ) ਸੇਵਾਮੁਕਤ ਹੋ ਰਹੀ ਹੈ।
