ਪਤਨੀ ਨਾਲ ਗੈਂਗਰੇਪ ਤੋਂ ਬਾਅਦ ਤਿੰਨ ਤਲਾਕ, ਦੋਸ਼ੀ ਪਤੀ ਗ੍ਰਿਫ਼ਤਾਰ
Friday, Jul 29, 2022 - 01:03 PM (IST)

ਗੋਂਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਕੋਤਵਾਲੀ ਨਗਰ ਖੇਤਰ 'ਚ ਇਕ ਪਤੀ ਨੇ ਰਿਸ਼ਤੇਦਾਰ ਨਾਲ ਮਿਲ ਕੇ ਆਪਣੀ ਪਤਨੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਅਤੇ ਇਸ ਤੋਂ ਬਾਅਦ ਔਰਤ ਨੂੰ ਤਲਾਕ ਦੇ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦੋਸ਼ੀ ਵਿਅਕਤੀ ਅਤੇ ਉਸ ਦੇ ਮਾਸੀ ਦੇ ਮੁੰਡੇ ਖ਼ਿਲਾਫ਼ ਸੰਬੰਧਤ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ (ਐੱਸ.ਪੀ.) ਆਕਾਸ਼ ਤੋਮਰ ਨੇ ਸ਼ੁੱਕਰਵਾਰ ਨੂੰ ਪਰਿਵਾਰ ਵਾਲਿਆਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਗੋਂਡਾ ਦੀ ਰਹਿਣ ਵਾਲੀ ਇਕ ਔਰਤ ਦਾ ਨਿਕਾਹ ਲਖਨਊ ਵਾਸੀ ਅਦਨਾਨ ਨਾਲ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਅਦਨਾਨ ਦਾਜ ਦੀ ਮੰਗ ਨੂੰ ਲੈ ਕੇ ਆਏ ਦਿਨ ਪਤਨੀ ਨਾਲ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਹ ਕਾਫ਼ੀ ਦਿਨਾਂ ਤੋਂ ਪੇਕੇ ਰਹਿ ਰਹੀ ਸੀ। ਬੀਤੇ ਦਿਨ ਅਦਨਾਨ ਆਪਣੇ ਮਾਸੀ ਦੇ ਮੁੰਡੇ ਨਾਲ ਉਸ ਦੇ ਪਿਤਾ ਦੇ ਘਰ ਆਇਆ ਅਤੇ ਉਸ ਨੂੰ ਇਕੱਲੀ ਦੇ ਕੇ ਦੋਹਾਂ ਨੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਵਿਰੋਧ ਕਰਨ 'ਤੇ ਉਸ ਨੂੰ ਕੁੱਟਿਆ ਅਤੇ ਤਿੰਨ ਵਾਰ ਤਲਾਕ ਬੋਲ ਕੇ ਲਖਨਊ ਚਲਾ ਗਿਆ। ਐੱਸ.ਪੀ. ਨੇ ਦੱਸਿਆ ਕਿ ਪੀੜਤਾ ਨੇ ਬੁੱਧਵਾਰ ਨੂੰ ਗੁਹਾਰ ਲਗਾਈ ਸੀ। ਐੱਸ.ਪੀ. ਦੇ ਨਿਰਦੇਸ਼ 'ਤੇ ਇੰਚਾਰਜ ਇੰਸਪੈਕਟ ਨੇ ਥਾਣੇ 'ਚ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਵੀਰਵਾਰ ਦੇਰ ਸ਼ਾਮ ਦੋਸ਼ੀ ਮੁਹੰਮਦ ਅਦਨਾਨ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦੇ ਮਾਸੀ ਦੇ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ।