270 ਦਿਨਾਂ ''ਚ ਬਾਈਕ ''ਤੇ ਕੀਤੀ 35 ਦੇਸ਼ਾਂ ਦੀ ਯਾਤਰਾ
Tuesday, Mar 27, 2018 - 04:27 PM (IST)

ਮੁੰਬਈ— 5 ਮਹਾਦੀਪ, 35 ਦੇਸ਼ ਅਤੇ 270 ਦਿਨਾਂ ਦਾ ਸਫ਼ਰ ਪੂਰਾ ਕਰਨ ਤੋਂ ਬਾਅਦ ਮੁੰਬਈ ਦੇ ਦੇਬਾਸ਼ੀਸ਼ ਸੋਮਵਾਰ ਨੂੰ ਇਕ ਲੰਬੀ ਯਾਤਰਾ ਤੋਂ ਬਾਅਦ ਆਪਣੇ ਘਰ ਪੁੱਜੇ। ਧੂੜ ਨਾਲ ਭਰੀ ਬਾਈਕ ਦੇ ਪਿੱਛੇ ਬਹੁਤ ਸਾਰੇ ਸਾਮਾਨ ਨਾਲ ਗੋਰੇਗਾਓਂ 'ਚ ਦੇਬਾਸ਼ੀਸ਼ ਦੇ ਦਾਖਲ ਹੁੰਦੇ ਹੀ ਉਨ੍ਹਾਂ ਦੇ ਘਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ਦੇ ਲੋਕਾਂ 'ਚ ਇਕ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਪਰਿਵਾਰ ਅਤੇ ਦੋਸਤਾਂ ਦੇ ਇਸ ਉਤਸ਼ਾਹ ਦਾ ਕਾਰਨ ਉਹ ਯਾਤਰਾ ਸੀ, ਜਿਸ ਨੂੰ ਦੇਬਾਸ਼ੀਸ਼ ਨੇ ਬੀਤੇ ਸਾਲ ਜੂਨ ਦੇ ਮਹੀਨੇ ਸ਼ੁਰੂ ਕੀਤਾ ਸੀ। 48 ਸਾਲ ਦੇ ਦੇਬਾਸ਼ੀਸ਼ ਆਪਣੇ ਦੋਸਤ ਧਰਮੇਂਦਰ ਨਾਲ ਜੂਨ 2017 'ਚ ਆਪਣੀ ਬੀ.ਐੱਮ.ਡਬਲਿਊ. ਬਾਈਕ 'ਤੇ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਕਰੀਬ ਇਕ ਕਰੋੜ ਦੇ ਬਜਟ ਨਾਲ ਸ਼ੁਰੂ ਕੀਤੀ ਗਈ ਇਸ ਯਾਤਰਾ ਦਾ ਪਹਿਲਾ ਪੜਾਅ ਮਿਆਂਮਾਰ ਸੀ, ਜਿਸ ਲਈ ਦੇਬਾਸ਼ੀਸ਼ ਭਾਰੀ ਸਾਮਾਨ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ। ਉੱਤਰੀ-ਪੂਰਬੀ ਭਾਰਤ ਦੇ ਰਸਤੇ ਆਪਣੇ ਸਫ਼ਰ 'ਤੇ ਨਿਕਲੇ ਦੇਬਾਸ਼ੀਸ਼ ਨੇ ਸਭ ਤੋਂ ਪਹਿਲਾਂ ਮਿਆਂਮਾਰ ਦਾ ਸਫ਼ਰ ਤੈਅ ਕੀਤਾ। ਇਸ ਤੋਂ ਬਾਅਦ ਦੇਬਾਸ਼ੀਸ਼ ਅਤੇ ਧਰਮੇਂਦਰ ਦੱਖਣੀ ਚੀਨ, ਮੰਗੋਲੀਆ ਅਤੇ ਫਿਰ ਰੂਸ ਦੇ ਦੌਰੇ 'ਤੇ ਪੁੱਜੇ।
ਵੀਜ਼ਾ ਨਾ ਮਿਲਣ ਕਾਰਨ ਬਦਲਿਆ ਸੀ ਰੂਟ
ਮੋਟਰਸਾਈਕਲ 'ਤੇ ਹੀ ਸਾਰੀ ਯਾਤਰਾ ਨੂੰ ਤੈਅ ਕਰਨ ਵਾਲੇ ਦੇਬਾਸ਼ੀਸ਼ ਨੇ ਰੂਸ ਤੋਂ ਬਾਅਦ ਕਈ ਯੂਰਪੀ ਦੇਸ਼ਾਂ ਨੂੰ ਆਪਣੇ ਸਫ਼ਰ ਦਾ ਪੜਾਅ ਬਣਾਇਆ। ਯਾਤਰਾ ਦੇ 200 ਦਿਨ ਬੀਤਣ ਤੋਂ ਬਾਅਦ ਦੇਬਾਸ਼ੀਸ਼ ਦਾ ਕਾਫ਼ਲਾ ਪਹਿਲਾਂ ਅਮਰੀਕਾ ਅਤੇ ਫਿਰ ਆਸਟ੍ਰੇਲੀਆ ਤੱਕ ਪੁੱਜ ਗਿਆ। ਇਸ ਤੋਂ ਪਹਿਲਾਂ ਇੱਥੋਂ ਦੇ ਵੱਖ-ਵੱਖ ਇਲਾਕਿਆਂ ਅਤੇ ਰਸਤਿਆਂ ਦੇ ਸਫ਼ਰ ਤੋਂ ਬਾਅਦ ਦੇਬਾਸ਼ੀਸ਼ ਸੋਮਵਾਰ ਨੂੰ ਵਾਪਸ ਆਪਣੇ ਘਰ ਗੋਰੇਗਾਓਂ ਆਏ। ਕਰੀਬ ਅੱਧੀ ਦੁਨੀਆ ਨੂੰ ਮੋਟਰਸਾਈਕਲ ਦੇ ਪਹੀਆ ਨਾਲ ਨਾਪਣ ਵਾਲੇ ਦੇਬਾਸ਼ੀਸ਼ ਨੇ ਦੱਸਿਆ ਕਿ ਇਸ ਸਫ਼ਰ ਦੌਰਾਨ ਉਨ੍ਹਾਂ ਨੂੰ ਕਈ ਦੇਸ਼ਾਂ ਦੇ ਬਾਈਕਰਜ਼ ਮਿਲੇ। ਆਪਣੇ ਇਸ ਯਾਤਰਾ ਬਾਰੇ ਦੱਸਦੇ ਹੋਏ ਦੇਬਾਸ਼ੀਸ਼ ਨੇ ਕਿਹਾ ਕਿ ਸਫ਼ਰ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਯਾਤਰਾ ਦੌਰਾਨ ਕੁਝ ਅਫਰੀਕੀ ਦੇਸ਼ਾਂ 'ਚ ਵੀ ਜਾਣ ਦਾ ਫੈਸਲਾ ਲਿਆ ਸੀ ਪਰ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਵੀਜ਼ਾ ਨਹੀਂ ਮਿਲ ਸਕਿਆ, ਇਸ ਕਾਰਨ ਉਨ੍ਹਾਂ ਨੇ ਆਪਣੀ ਯਾਤਰਾ ਦੇ ਰੂਟ 'ਚ ਤਬਦੀਲੀ ਕਰ ਲਈ।
ਦੁਨੀਆ ਭਰ ਦੇ ਬਾਈਕਰਜ਼ ਨਾਲ ਵੀ ਹੋਈ ਮੁਲਾਕਾਤ
ਦੇਬਾਸ਼ੀਸ਼ ਨੇ ਦੱਸਿਆ ਕਿ ਇਸ ਸਫ਼ਰ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਉਨ੍ਹਾਂ ਦੀ ਮੁਲਾਕਾਤ ਅਜਿਹੇ ਲੋਕਾਂ ਨਾਲ ਹੋਈ, ਜਿਨ੍ਹਾਂ ਨੇ ਅੱਜ ਤੱਕ ਕਿਸੇ ਹਿੰਦੁਸਤਾਨੀ ਨੂੰ ਨਹੀਂ ਦੇਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਫ਼ਰ 'ਚ ਕਈ ਅਜਿਹੇ ਲੋਕ ਵੀ ਮਿਲੇ, ਜਿਨ੍ਹਾਂ ਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਈ ਕਿ ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਰੋਡ ਹਿੰਦੁਸਤਾਨ 'ਚ ਹੀ ਮੌਜੂਦ ਸਨ। ਦੇਬਾਸ਼ੀਸ਼ ਨੇ ਕਿਹਾ ਕਿ ਉਨ੍ਹਾਂ ਨੂੰ ਯਾਤਰਾ ਦੌਰਾਨ ਕਈ ਅਨੁਭਵ ਦੇਖਣ ਨੂੰ ਮਿਲੇ।
30 ਸਾਲਾਂ 'ਚ 68 ਹਜ਼ਾਰ ਕਿਲੋਮੀਟਰ ਦਾ ਸਫ਼ਰ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਯਾਤਰਾ ਦਰਮਿਆਨ ਕਰੀਬ 13 ਘੰਟੇ ਲਗਾਤਾਰ ਬਾਈਕ ਚਲਾ ਕੇ ਨਿਊਯਾਰਕ ਤੋਂ ਸੈਨ ਫਰਾਂਸੀਕੋ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਫ਼ਰ ਲੰਬਾ ਜ਼ਰੂਰ ਸੀ ਪਰ ਮੇਰੇ ਲਈ ਇਹ ਮੇਰੀ ਉਸ ਸਭ ਤੋਂ ਲੰਬੀ ਯਾਤਰਾ ਤੋਂ ਛੋਟਾ ਸੀ, ਜਿਸ 'ਚ ਮੈਂ ਸਿਲੀਗੁੜੀ ਤੋਂ ਆਗਰਾ ਤੱਕ ਕਰੀਬ 18 ਘੰਟੇ ਤੱਕ ਬਾਈਕ ਚਲਾਈ ਸੀ। ਦੇਬਾਸ਼ੀਸ਼ ਨੇ ਦੱਸਿਆ ਕਿ 80 ਦੇ ਦਹਾਕੇ 'ਚ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਕਾਵਾਸਾਕੀ ਦੀ 100 ਸੀਸੀ ਦੀ ਬਾਈਕ ਮਿਲੀ ਸੀ ਅਤੇ ਉਸ ਤੋਂ ਹੀ ਰਾਈਡਿੰਗ ਦੇ ਇਸ ਜੁਨੂੰਨ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਬੀਤੇ 30 ਸਾਲਾਂ 'ਚ ਬਾਈਕ ਤੋਂ ਕਰੀਬ 68 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।