ਹੁਣ ਬਿਨਾਂ ਨਾਕੇ ਦੇ ਕੱਟੇ ਜਾਣਗੇ ਟੋਲ ! ਕੈਮਰਿਆਂ ਨਾਲ ਹੋਵੇਗਾ ਸਾਰਾ ਕੰਮ, ਨਹੀਂ ਹੋਵੇਗਾ ਕੋਈ ''ਬੰਦਾ''
Wednesday, Dec 17, 2025 - 02:18 PM (IST)
ਨਵੀਂ ਦਿੱਲੀ- ਟੋਲ ਨਾਕਿਆਂ 'ਤੇ ਵਿਵਾਦ ਅਤੇ ਕੁੱਟਮਾਰ ਦੀਆਂ ਘਟਨਾਵਾਂ ਹੋਣ ਦੀ ਗੱਲ ਸਵੀਕਾਰ ਕਰਦੇ ਹੋਏ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਇੱਥੇ ਕੈਮਰੇ ਲੱਗਣ ਕਾਰਨ ਕੋਈ ਵਿਅਕਤੀ ਨਹੀਂ ਰਹੇਗਾ, ਜਿਸ ਨਾਲ ਵਿਵਾਦ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ। ਗਡਕਰੀ ਨੇ ਰਾਜ ਸਭਾ 'ਚ ਸਵਾਲਾਂ ਦੇ ਜਵਾਬ 'ਚ ਇਹ ਗੱਲ ਕਹੀ। ਉਨ੍ਹਾਂ ਕਿਹਾ,''ਹੁਣ ਟੋਲ ਨਾਕਿਆਂ 'ਤੇ ਕੋਈ ਵਿਅਕਤੀ ਨਹੀਂ ਖੜ੍ਹਾ ਰਹੇਗਾ। ਕੋਈ ਰੋਕੇਗਾ ਨਹੀਂ, ਕੋਈ ਟੋਕੇਗਾ ਨਹੀਂ, ਕੋਈ ਝਗੜੇਗਾ ਨਹੀਂ, ਕੋਈ ਗੁੰਡਾਗਰਦੀ ਨਹੀਂ।'' ਉਨ੍ਹਾਂ ਕਿਹਾ ਕਿ ਉੱਥੇ ਕੈਮਰਾ ਕੰਮ ਕਰੇਗਾ ਅਤੇ ਇਕ ਤਰ੍ਹਾਂ ਨਾਲ ਇਹ ਸਮੱਸਿਆ ਖ਼ਤਮ ਹੋ ਜਾਵੇਗੀ।
ਭਾਜਪਾ ਦੇ ਲਕਸ਼ਮੀਕਾਂਤ ਵਾਜਪਾਈ ਨੇ ਉਨ੍ਹਾਂ ਤੋਂ ਪ੍ਰਸ਼ਨ ਪੁੱਛਿਆ ਕਿ ਟੋਲ ਨਾਕਿਆਂ 'ਤੇ ਹੋਣ ਵਾਲੀ ਹਿੰਸਕ ਘਟਨਾਵਾਂ ਅਤੇ ਝਗੜਿਆਂ ਨੂੰ ਰੋਕਣ ਲਈ ਕੀ ਉਪਾਅ ਕੀਤੇ ਗਏ ਹਨ? ਇਸ ਦੇ ਜਵਾਬ 'ਚ ਗਡਕਰੀ ਨੇ ਸਵੀਕਾਰ ਕੀਤਾ ਕਿ ਟੋਲ ਨਾਕਿਆਂ 'ਤੇ ਪਹਿਲਵਾਨ ਅਤੇ ਵਿਸ਼ੇਸ਼ ਤਰ੍ਹਾਂ ਦੇ ਲੋਕ ਰਹਿੰਦੇ ਸਨ। ਉਨ੍ਹਾਂ ਸਵੀਕਾਰ ਕੀਤਾ ਕਿ ਅਜਿਹੇ ਲੋਕ,''ਗੁੰਡਾਗਰਦੀ ਕਰਦੇ ਸਨ, ਜ਼ਬਰਦਸਤੀ ਕਰਦੇ ਸਨ, ਲਾਠੀਆਂ ਮਾਰਦੇ ਸਨ, ਅਪਮਾਨਜਨਕ ਰਵੱਈਆ ਕਰਦੇ ਸਨ... ਇਹ ਸੱਚ ਹੈ। ਹੁਮ ਇਨ੍ਹਾਂ ਸਾਰਿਆਂ ਦੀ ਛੁੱਟੀ ਹੋ ਜਾਵੇਗੀ। ਹੁਣ ਕੋਈ ਦਿੱਸੇਗਾ ਨਹੀਂ, ਤੁਸੀਂ ਚਿੰਤਾ ਨਾ ਕਰੋ।''
ਗਡਕਰੀ ਨੇ ਟੈਗ ਯੋਜਨਾ ਬਾਰੇ ਪੁੱਛੇ ਗਏ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਦੇਸ਼ 'ਚ ਕਰੀਬ ਇਕ ਹਜ਼ਾਰ ਟੋਲ ਨਾਕੇ ਹਨ, ਜਿੱਥੇ ਪਹਿਲਾਂ ਨਕਦੀ ਨਾਲ ਲੈਣ-ਦੇਣ ਹੁੰਦਾ ਸੀ ਅਤੇ ਫਿਰ ਫਾਸਟ ਟੈਗ ਵਿਵਸਥਾ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਮਲਟੀ ਲੇਅਰ ਵਿਵਸਥਾ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਵਿਵਸਥਾ ਲਈ 10 ਠੇਕੇ ਦਿੱਤੇ ਗਏ ਹਨ ਅਤੇ 10 ਅਜੇ ਪਾਈਪਲਾਈਨ 'ਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਦਸੰਬਰ 2026 ਤੱਕ ਪੂਰੇ ਦੇਸ਼ 'ਚ ਇਹ ਵਿਵਸਥਾ ਲਾਗੂ ਹੋ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਫਾਸਟ ਟੈਗ ਨਾਲ ਸੰਬੰਧਤ ਧੋਖਾਧੜੀ ਦੇ 6,725 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅਜੇ ਸਰਕਾਰ 'ਇਕ ਵਾਹਨ, ਇਕ ਫਾਸਟ ਟੈਗ' ਦੀ ਨੀਤੀ ਸ਼ੁਰੂ ਕਰੇਗੀ, ਫਿਰ ਇਸ 'ਚ ਨੰਬਰ ਪਲੇਟ ਨੂੰ ਵੀ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਵੀਂ ਨੀਤੀ ਕਾਰਨ ਕਿਸੇ ਵਾਹਨ ਲਈ ਫਾਸਟ ਟੈਗ ਲੈਣਾ ਅਤੇ ਉਸ ਨਾਲ ਕੋਈ ਹੋਰ ਵਾਹਨ ਟੋਲ ਤੋਂ ਨਿਕਲ ਜਾਣ ਦੀਆਂ ਘਟਨਾਵਾਂ ਬਹੁਤ ਹੀ ਘੱਟ ਹੋ ਗਈਆਂ ਹਨ।
