ਹਵਾਈ ਯਾਤਰੀਆਂ ਦੀ ਮੌਜ! ਹੁਣ ਟਿਕਟ ਕੈਂਸਲ ਕਰਵਾਉਣ ''ਤੇ ਨਹੀਂ ਕੱਟੇਗਾ ਇਕ ਵੀ ਪੈਸਾ
Thursday, Feb 26, 2026 - 04:26 PM (IST)
ਨਵੀਂ ਦਿੱਲੀ- ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਏਵੀਏਸ਼ਨ ਰੈਗੂਲੇਟਰ ਡੀਜੀਸੀਏ (DGCA) ਨੇ ਏਅਰਲਾਈਨ ਕੰਪਨੀਆਂ ਲਈ ਟਿਕਟਾਂ ਦੇ ਰਿਫੰਡ ਅਤੇ ਕੈਂਸਲੇਸ਼ਨ ਸਬੰਧੀ ਨਿਯਮਾਂ 'ਚ ਅਹਿਮ ਸੋਧਾਂ ਕੀਤੀਆਂ ਹਨ। ਯਾਤਰੀ-ਅਨੁਕੂਲ ਨਿਯਮਾਂ ਅਨੁਸਾਰ, ਹੁਣ ਮੁਸਾਫ਼ਰ ਕੁਝ ਸ਼ਰਤਾਂ ਦੇ ਅਧੀਨ, ਆਪਣੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਫੀਸ ਦੇ ਹਵਾਈ ਟਿਕਟ ਨੂੰ ਰੱਦ ਕਰ ਸਕਦੇ ਹਨ ਜਾਂ ਉਸ 'ਚ ਬਦਲਾਅ ਕਰ ਸਕਦੇ ਹਨ।
ਨਾਮ ਦੀ ਗਲਤੀ ਸੁਧਾਰਨ ਲਈ ਨਹੀਂ ਲੱਗੇਗਾ ਚਾਰਜ
ਡੀਜੀਸੀਏ (ਨਾਗਰ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ) ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਯਾਤਰੀ ਨੇ ਸਿੱਧੇ ਏਅਰਲਾਈਨ ਦੀ ਵੈੱਬਸਾਈਟ ਰਾਹੀਂ ਟਿਕਟ ਬੁੱਕ ਕੀਤੀ ਹੈ ਅਤੇ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਕੋਈ ਗਲਤੀ (ਜਿਵੇਂ ਨਾਮ ਦੀ ਸਪੈਲਿੰਗ) ਦੱਸੀ ਜਾਂਦੀ ਹੈ, ਤਾਂ ਏਅਰਲਾਈਨ ਕੰਪਨੀਆਂ ਨੂੰ ਉਸ ਵਿਅਕਤੀ ਦੇ ਨਾਮ 'ਚ ਸੁਧਾਰ ਕਰਨ ਲਈ ਕੋਈ ਵਾਧੂ ਚਾਰਜ ਨਹੀਂ ਲੈਣਾ ਚਾਹੀਦਾ।
14 ਦਿਨਾਂ ਦੇ ਅੰਦਰ ਕਰਨਾ ਹੋਵੇਗਾ ਰਿਫੰਡ
ਨਵੇਂ ਨਿਯਮਾਂ ਮੁਤਾਬਕ, ਜੇਕਰ ਟਿਕਟ ਕਿਸੇ ਟ੍ਰੈਵਲ ਏਜੰਟ ਜਾਂ ਪੋਰਟਲ ਰਾਹੀਂ ਖਰੀਦੀ ਗਈ ਹੈ, ਤਾਂ ਵੀ ਪੈਸੇ ਵਾਪਸ ਕਰਨ ਦੀ ਜ਼ਿੰਮੇਵਾਰੀ ਏਅਰਲਾਈਨ ਕੰਪਨੀਆਂ ਦੀ ਹੋਵੇਗੀ ਕਿਉਂਕਿ ਏਜੰਟ ਉਨ੍ਹਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਹਨ। ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਰਿਫੰਡ ਦੀ ਪ੍ਰਕਿਰਿਆ 14 ਕਾਰਜ ਦਿਨਾਂ (working days) ਦੇ ਅੰਦਰ ਪੂਰੀ ਹੋ ਜਾਵੇ।
ਮੈਡੀਕਲ ਐਮਰਜੈਂਸੀ ਲਈ ਵੀ ਨਵੇਂ ਨਿਯਮ
ਇਸ ਤੋਂ ਇਲਾਵਾ, ਮੈਡੀਕਲ ਐਮਰਜੈਂਸੀ (ਡਾਕਟਰੀ ਐਮਰਜੈਂਸੀ) ਕਾਰਨ ਟਿਕਟਾਂ ਰੱਦ ਕਰਨ ਦੇ ਨਿਯਮਾਂ 'ਚ ਵੀ ਬਦਲਾਅ ਕੀਤੇ ਗਏ ਹਨ। ਇਹ ਫੈਸਲਾ ਯਾਤਰੀਆਂ ਵੱਲੋਂ ਸਮੇਂ ਸਿਰ ਰਿਫੰਡ ਨਾ ਮਿਲਣ ਦੀਆਂ ਵਧਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਸੰਬਰ 2025 'ਚ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਦੌਰਾਨ ਵੀ ਰਿਫੰਡ ਦਾ ਮੁੱਦਾ ਕਾਫ਼ੀ ਭਖਿਆ ਸੀ, ਜਿਸ ਤੋਂ ਬਾਅਦ ਹਵਾਬਾਜ਼ੀ ਮੰਤਰਾਲੇ ਨੇ ਸਖ਼ਤ ਨਿਰਦੇਸ਼ ਦਿੱਤੇ ਸਨ। ਇਹ ਸੋਧੇ ਹੋਏ ਨਿਯਮ 24 ਫਰਵਰੀ ਨੂੰ ਜਾਰੀ ਕੀਤੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
