ਸ਼ਰਾਬ ਪੀ ਕੇ ਗੱਡੀ ਚਲਾਉਣ ''ਤੇ ਰੱਦ ਹੋਵੇਗਾ ਡਰਾਈਵਿੰਗ ਲਾਇਸੈਂਸ
Thursday, Feb 26, 2026 - 05:31 PM (IST)
ਨਵੀਂ ਦਿੱਲੀ- ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ 'ਚ ਹਰ ਸਾਲ ਹੋਣ ਵਾਲੀਆਂ ਲੱਖਾਂ ਮੌਤਾਂ ਨੂੰ ਰੋਕਣ ਲਈ ਸਰਕਾਰ ਦੀ ਨਵੀਂ ਰਣਨੀਤੀ ਦਾ ਖੁਲਾਸਾ ਕੀਤਾ ਹੈ। ਸੀਆਈਆਈ (ਭਾਰਤੀ ਉਦਯੋਗ ਸੰਘ) ਵੱਲੋਂ ਆਯੋਜਿਤ 'ਨੈਸ਼ਨਲ ਕਨਕਲੇਵ ਆਫ ਰੋਡ ਸੇਫਟੀ' 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੜਕ ਇੰਜੀਨੀਅਰਿੰਗ, ਆਟੋਮੋਬਾਈਲ ਇੰਜੀਨੀਅਰਿੰਗ ਅਤੇ ਸਖਤ ਕਾਨੂੰਨੀ ਨਿਯਮਾਂ ਰਾਹੀਂ ਲੋਕਾਂ ਦੀਆਂ ਜਾਨਾਂ ਬਚਾਉਣਾ ਸਰਕਾਰ ਦੀ ਸਰਵਉੱਚ ਤਰਜੀਹ ਹੈ।
12 ਗਲਤੀਆਂ 'ਤੇ ਲਾਇਸੈਂਸ ਹੋਵੇਗਾ ਰੱਦ
ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਹੁਣ ਡਰਾਈਵਿੰਗ ਲਾਇਸੈਂਸ ਲਈ 'ਗ੍ਰੇਡ ਪੁਆਇੰਟ ਸਿਸਟਮ' ਲਿਆਂਦਾ ਜਾ ਰਿਹਾ ਹੈ। ਇਸ ਪ੍ਰਣਾਲੀ ਤਹਿਤ ਜਿਵੇਂ ਹੀ ਕੋਈ ਡਰਾਈਵਰ ਵਾਰ-ਵਾਰ ਗਲਤੀ ਕਰਕੇ 12 ਗ੍ਰੇਡ ਪੁਆਇੰਟਾਂ 'ਤੇ ਪਹੁੰਚੇਗਾ, ਉਸ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖਤ ਰੁਖ ਅਪਣਾਉਂਦੇ ਹੋਏ, ਵਾਰ-ਵਾਰ ਅਜਿਹਾ ਕਰਨ 'ਤੇ ਲਾਇਸੈਂਸ ਪੱਕੇ ਤੌਰ 'ਤੇ ਰੱਦ ਕਰ ਦਿੱਤਾ ਜਾਵੇਗਾ।
ਸੜਕ ਹਾਦਸਿਆਂ ਦੇ ਭਿਆਨਕ ਅੰਕੜੇ
ਗਡਕਰੀ ਨੇ ਦੱਸਿਆ ਕਿ ਦੇਸ਼ 'ਚ ਹਰ ਸਾਲ ਲਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ 'ਚ 1.80 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ 72 ਫੀਸਦੀ ਨੌਜਵਾਨ (18 ਤੋਂ 45 ਸਾਲ) ਹੁੰਦੇ ਹਨ। ਹਾਦਸਿਆਂ ਦੇ ਮੁੱਖ ਕਾਰਨਾਂ 'ਚ ਤੇਜ਼ ਰਫਤਾਰ (1.2 ਲੱਖ ਮੌਤਾਂ), ਹੈਲਮੇਟ ਨਾ ਪਹਿਨਣਾ (54,122 ਮੌਤਾਂ) ਅਤੇ ਸੀਟ ਬੈਲਟ ਦੀ ਵਰਤੋਂ ਨਾ ਕਰਨਾ (14,466 ਮੌਤਾਂ) ਸ਼ਾਮਲ ਹਨ।
ਨਵੀਆਂ ਸਕੀਮਾਂ
ਰਾਹਵੀਰ ਯੋਜਨਾ: ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ 25,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਜਿਹੇ ਵਿਅਕਤੀ ਨੂੰ ਕਿਸੇ ਵੀ ਕਾਨੂੰਨੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪ੍ਰਧਾਨ ਮੰਤਰੀ ਰਾਹਤ ਯੋਜਨਾ: ਹਾਦਸੇ ਦੇ ਪੀੜਤ ਨੂੰ 7 ਦਿਨਾਂ ਤੱਕ ਜਾਂ ਵੱਧ ਤੋਂ ਵੱਧ 1.5 ਲੱਖ ਰੁਪਏ ਤੱਕ ਦਾ ਕੈਸ਼ਲੈੱਸ (ਮੁਫ਼ਤ) ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਵਾਹਨਾਂ ਅਤੇ ਸੜਕਾਂ 'ਚ ਸੁਧਾਰ
ਗਡਕਰੀ ਅਨੁਸਾਰ, ਹੁਣ ਕਿਫਾਇਤੀ ਕਾਰਾਂ 'ਚ ਵੀ 6 ਏਅਰਬੈਗ ਲਾਜ਼ਮੀ ਕੀਤੇ ਗਏ ਹਨ ਅਤੇ ਟਰੱਕ ਡਰਾਈਵਰਾਂ ਲਈ ਏਸੀ ਕੈਬਿਨ ਜ਼ਰੂਰੀ ਕਰ ਦਿੱਤੇ ਗਏ ਹਨ। ਸੜਕਾਂ ਦੇ 'ਬਲੈਕ ਸਪਾਟ' (ਖਤਰਨਾਕ ਮੋੜ) ਸੁਧਾਰਨ ਅਤੇ ਹਾਦਸੇ ਦੇ 20 ਮਿੰਟਾਂ ਦੇ ਅੰਦਰ ਐਂਬੂਲੈਂਸ ਪਹੁੰਚਾਉਣ ਦਾ ਟੀਚਾ ਵੀ ਰੱਖਿਆ ਗਿਆ ਹੈ। ਉਨ੍ਹਾਂ ਅੰਤ 'ਚ ਕਿਹਾ ਕਿ ਸੜਕ ਹਾਦਸਿਆਂ ਕਾਰਨ ਦੇਸ਼ ਦੀ ਜੀਡੀਪੀ (GDP) ਨੂੰ 3 ਫੀਸਦੀ ਦਾ ਨੁਕਸਾਨ ਹੁੰਦਾ ਹੈ, ਜੋ ਕਿ ਕਿਸੇ ਮਹਾਮਾਰੀ ਜਾਂ ਯੁੱਧ ਤੋਂ ਵੀ ਵੱਧ ਘਾਤਕ ਹੈ। ਸਰਕਾਰ ਦਾ ਮੰਨਣਾ ਹੈ ਕਿ ਜਨ-ਜਾਗਰੂਕਤਾ ਅਤੇ ਕਾਨੂੰਨ ਦੇ ਡਰ ਨਾਲ ਹੀ ਇਨ੍ਹਾਂ ਮੌਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
