PM ਮੋਦੀ ਦਾ ਰਾਹੁਲ ''ਤੇ ਤੰਜ਼- ਸੱਤਾ ਤੋਂ ਬੇਦਖ਼ਲ ਲੋਕ ਵਾਪਸੀ ਲਈ ਕੱਢ ਰਹੇ ਹਨ ਯਾਤਰਾ
Monday, Nov 21, 2022 - 05:07 PM (IST)
ਸੁਰੇਂਦਰਨਗਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਲੋਕਾਂ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਹੈ, ਉਹ ਹੁਣ ਸੱਤਾ 'ਚ ਆਉਣ ਲਈ ਯਾਤਰਾ ਕੱਢ ਰਹੇ ਹਨ। ਚੋਣ ਰਾਜ ਗੁਜਰਾਤ ਦੇ ਸੁਰੇਂਦਰਨਗਰ 'ਚ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਕੁਝ ਲੋਕ ਗੁਜਰਾਤ 'ਚ ਬਣਿਆ ਲੂਣ ਖਾ ਕੇ ਵੀ ਗੁਜਰਾਤ ਨੂੰ ਗਾਲ੍ਹਾਂ ਕੱਢਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁੱਲ ਲੂਣ ਉਤਪਾਦਨ ਦਾ 80 ਫੀਸਦੀ ਹਿੱਸਾ ਗੁਜਰਾਤ 'ਚ ਹੁੰਦਾ ਹੈ। ਮੋਦੀ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਕਾਫ਼ੀ ਸਮੇਂ ਪਹਿਲਾਂ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ, ਉਹ ਅੱਜ ਸੱਤਾ 'ਚ ਵਾਪਸੀ ਲਈ ਯਾਤਰਾ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਰ ਸਕਦੇ ਹਨ ਪਰ ਉਹ ਅਜਿਹੇ ਲੋਕਾਂ ਨਾਲ ਯਾਤਰਾ ਕਰ ਰਹੇ ਹਨ, ਜਿਨ੍ਹਾਂ ਨੇ ਗੁਜਰਾਤ 'ਚ ਨਰਮਦਾ ਬੰਨ੍ਹ ਪ੍ਰਾਜੈਕਟ ਨੂੰ 40 ਸਾਲਾਂ ਤੋਂ ਰੋਕੇ ਰੱਖਿਆ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਟਰਾਲੀ ਬੈਗ 'ਚ ਮਿਲੀ ਲਾਸ਼ ਦੀ ਹੋਈ ਪਛਾਣ, ਪਿਓ ਹੀ ਨਿਕਲਿਆ ਕਾਤਲ
ਪ੍ਰਧਾਨ ਮੰਤਰੀ ਦਾ ਇਸ਼ਾਰਾ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਰਹੀ ਮੇਧਾ ਪਾਟਕਰ ਵੱਲ ਸੀ। ਪਾਟਕਰ ਹਾਲ ਹੀ 'ਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਬਚਾਓ ਯਾਤਰਾ 'ਚ ਸ਼ਾਮਲ ਹੋਈ ਸੀ। ਪ੍ਰਧਾਨ ਮੰਤਰੀ ਨੇ ਕਿਹਾ,''40 ਸਾਲਾਂ ਤੱਕ ਨਰਮਦਾ ਬੰਨ੍ਹ ਪ੍ਰਾਜੈਕਟ ਨੂੰ ਰੋਕਣ ਵਾਲਿਆਂ ਨੂੰ ਗੁਜਰਾਤ ਦੀ ਜਨਤਾ ਸਬਕ ਸਿਖਾ ਕੇ ਰਹੇਗੀ।'' ਉਨ੍ਹਾਂ ਕਿਹਾ ਕਿ ਗੁਜਰਾਤ ਚੋਣਾਂ 'ਚ ਵਿਕਾਸ 'ਤੇ ਚਰਚਾ ਕਰਨ ਦੀ ਬਜਾਏ ਵਿਰੋਧੀ ਕਾਂਗਰਸ ਉਨ੍ਹਾਂ ਨੂੰ 'ਔਕਾਤ' ਦੱਸਣ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਕਿਹਾ,''ਪਹਿਲੇ ਵੀ ਕਾਂਗਰਸ ਨੇ ਮੇਰੇ ਲਈ 'ਮੌਤ ਦਾ ਸੌਦਾਗਰ' 'ਨੀਚ ਆਦਮੀ' ਅਤੇ 'ਨਾਲੀ ਦਾ ਕੀੜਾ' ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਹੁਣ ਚੋਣਾਂ 'ਚ ਵਿਕਾਸ ਦੀ ਗੱਲ ਨਾ ਕਰ ਕੇ ਕਾਂਗਰਸ ਨੇਤਾ ਮੈਨੂੰ ਔਕਾਤ ਦਿਖਾ ਦੇਣ ਦੀ ਗੱਲ ਕਰਦੇ ਹਨ।'' ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਔਕਾਤ ਨਹੀਂ ਹੈ ਅਤੇ ਸਿਰਫ਼ ਇਕ ਜਨ ਸੇਵਕ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ