ਜੇਲ੍ਹ ''ਚ ਬੰਦ ਅੰਡਰਵਰਲਡ ਡਾਨ ਬਣ ਗਿਆ ਸਾਧੂ, ਸੰਤਾਂ ਨੇ ਕੀਤਾ ਜੂਨਾ ਅਖਾੜੇ ''ਚ ਸ਼ਾਮਲ
Saturday, Sep 07, 2024 - 06:09 PM (IST)
ਦੇਹਰਾਦੂਨ (ਭਾਸ਼ਾ)- ਅਲਮੋੜਾ ਜ਼ਿਲ੍ਹਾ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅੰਡਰਵਰਲਡ ਡਾਨ ਦਾ ਹਾਲ ਹੀ 'ਚ ਜੇਲ੍ਹ ਕੰਪਲੈਕਸ ਵਿਚ ਸਾਧੂਆਂ ਨੇ ਭਿਖਿਆ ਦਿੱਤੀ ਸੀ। ਡਾਨ ਅਤੇ ਸਾਧੂਆਂ ਦੀ ਮੁਲਾਕਾਤ ਦਾ ਆਯੋਜਨ ਕਰਨ ਵਾਲੇ ਇਕ ਵਿਅਕਤੀ ਨੇ ਇਹ ਦਾਅਵਾ ਕੀਤਾ ਹੈ। ਡਾਨ ਪ੍ਰਕਾਸ਼ ਪਾਂਡੇ ਉਰਫ਼ ਪੀਪੀ ਖ਼ਿਲਾਫ਼ ਜ਼ਬਰੀ ਵਸੂਲੀ, ਡਕੈਤੀ ਅਤੇ ਕਤਲ ਸਮੇਤ ਕਈ ਅਪਰਾਧਿਕ ਮਾਮਲੇ ਪੈਂਡਿੰਗ ਹਨ। ਗੈਂਗਸਟਰ ਅਤੇ ਸਾਧੂਆਂ ਦੀ ਮੁਲਾਕਾਤ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਦੇ ਨਾਲ 2 ਸਾਧੂ ਕਥਿਤ ਤੌਰ 'ਤੇ 5 ਸਤੰਬਰ ਨੂੰ ਜੇਲ੍ਹ ਕੰਪਲੈਕਸ 'ਚ ਭਿਖਿਆ ਸਮਾਰੋਹ ਲਈ ਗਏ ਸਨ। ਇਸ ਦੌਰਾਨ ਪਾਂਡੇ ਨੂੰ ਰੁਦਰਾਕਸ਼ ਦੀ ਮਾਲਾ ਅਤੇ ਮੋਤੀਆਂ ਦਾ ਹਾਰ (ਕੰਥੀ) ਪਹਿਨਾਇਆ ਗਿਆ ਸੀ। ਉਸ ਦੇ ਕੰਨਾਂ ਵਿਚ ਵੈਦਿਕ ਮੰਤਰ ਵੀ ਸੁਣਾਏ ਗਏ ਸਨ। ਸਾਧੂਆਂ ਨੇ ਡਾਨ ਦਾ ਨਾਂ ਬਦਲ ਕੇ ਪ੍ਰਕਾਸ਼ਾਨੰਦ ਗਿਰੀ ਰੱਖ ਦਿੱਤਾ। ਸਾਧੂਆਂ ਨੇ ਆਪਣੀ ਪਛਾਣ ਪੰਚ ਦਸ਼ਨਮ ਜੂਨਾ ਅਖਾੜੇ ਨਾਲ ਸਬੰਧਤ ਦੱਸੀ, ਜਿਸ ਦਾ ਮੁੱਖ ਦਫ਼ਤਰ ਹਰਿਦੁਆਰ 'ਚ ਹੈ ਅਤੇ ਕੁਮਾਉਂ ਖੇਤਰ 'ਚ ਆਸ਼ਰਮ ਹਨ। ਜੇਲ੍ਹ ਕੰਪਲੈਕਸ ਤੋਂ ਬਾਹਰ ਆਉਣ ਤੋਂ ਬਾਅਦ ਸਾਧੂਆਂ ਅਤੇ ਮੁਲਾਕਾਤ ਕਰਵਾਉਣ ਵਾਲੇ ਕ੍ਰਿਸ਼ਨ ਕਾਂਡਪਾਲ ਨੇ ਅਲਮੋੜਾ ਦੇ ਇਕ ਹੋਟਲ 'ਚ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ, ਕਿਉਂਕਿ ਉਸ 'ਚ (ਪਾਂਡੇ) 'ਦੇਸ਼ਭਗਤੀ ਦੀਆਂ ਭਾਵਨਾਵਾਂ ਹਨ' ਅਤੇ 'ਧਾਰਮਿਕ ਅਤੇ ਨਿਰਮਲ ਜੀਵਨ' ਵੱਲ ਵਧਣਾ ਚਾਹੁੰਦਾ ਸੀ। ਇਕ ਸੇਵਾਮੁਕਤ ਫ਼ੌਜੀ ਦਾ ਬੇਟੇ ਪੀਪੀ ਨੇ ਸਕੂਲ 'ਚ ਕੁੱਟਮਾਰ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਫਿਰ ਜ਼ਿਲ੍ਹੇ ਅਤੇ ਪ੍ਰਦੇਸ਼ 'ਚ ਗੈਰ-ਕਾਨੂੰਨ ਸ਼ਰਾਬ ਤਸਕਰੀ ਤੱਕ ਚਲਿਆ। ਨਾਲ ਹੀ ਉਹ ਜ਼ੁਰਮ ਦੀ ਦੁਨੀਆ 'ਚ ਵੀ ਆ ਗਿਆ। 90 ਦੇ ਦਹਾਕੇ 'ਚ ਉਹ ਮੁੰਬਈ 'ਚ ਛੋਟਾ ਰਾਜਨ ਗੈਂਗ ਨਾਲ ਜੁੜ ਗਿਆ।
ਕਾਂਡਪਾਲ ਨੇ ਕਿਹਾ,''ਜਦੋਂ ਮੈਂ ਪੀਪੀ ਭਰਾ ਨੂੰ ਮਿਲਿਆ ਤਾਂ ਮੈਂ ਉਸ ਦੀ ਦੇਸ਼ ਭਗਤੀ ਦੀ ਭਾਵਨਾ ਤੋਂ ਪ੍ਰਭਾਵਿਤ ਹੋਇਆ। ਉਹ ਇਕ ਵਾਰ ਦਾਊਦ (ਇਬਰਾਹਿਮ) ਨੂੰ ਮਾਰਨ ਲਈ ਪਾਕਿਸਤਾਨ ਗਿਆ ਸੀ। ਉਹ ਕਿਸੇ ਹੋਰ ਨੂੰ ਮਾਰਨ ਲਈ ਵਿਯਤਨਾਮ ਵੀ ਗਿਆ ਸੀ ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਨੇ ਅਧਿਆਤਮਿਕ ਮਾਰਗ 'ਤੇ ਤੁਰਨ ਦੀ ਇੱਛਾ ਜਤਾਈ ਸੀ। ਮੈਂ ਸਾਧੂਆਂ ਨਾਲ ਗੱਲ ਕੀਤੀ ਅਤੇ ਉਹ ਉਸ ਨੂੰ ਭਿਖਿਆ ਦੇਣ ਲਈ ਸਹਿਮਤ ਹੋ ਗਏ।'' ਉਨ੍ਹਾਂ ਕਿਹਾ,''ਇਹ ਇਕ ਆਮ ਭਿਖਿਆ ਪ੍ਰੋਗਰਾਮ ਸੀ। ਵੱਡਾ ਪ੍ਰੋਗਰਾਮ 2025 'ਚ ਪ੍ਰਯਾਗਰਾਜ ਕੁੰਭਾ 'ਚ ਕੀਤਾ ਜਾਵੇਗਾ।'' ਰਾਜੇਂਦਰ ਗਿਰੀ ਨਾਮੀ ਸਾਧੂ ਨੇ ਕਿਹਾ ਕਿ ਪ੍ਰਕਾਸ਼ਾਨੰਦ ਗਿਰੀ ਦਾ ਜੀਵਨ ਜੇਲ੍ਹ ਦੇ ਹੋਰ ਕੈਦੀਆਂ ਨੂੰ ਅਧਿਆਤਮਿਕਤਾ ਅਤੇ ਸ਼ੁੱਧ ਜੀਵਨ ਅਪਣਾਉਣ ਲਈ ਪ੍ਰੇਰਿਤ ਕਰ ਸਕਦਾ ਹੈ। ਨੈਨੀਤਾਲ-ਊਧਮ ਸਿੰਘ ਨਗਰ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਜੇ ਭੱਟ ਨੇ ਇਸ ਘਟਨਾ 'ਤੇ ਟਿੱਪਣੀ ਕਰਨ ਤੋਂ ਬਚਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ,''ਮੈਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਂ ਸਾਧੂਆਂ 'ਤੇ ਵੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8