ਵਾਰ-ਵਾਰ ਬਦਲੀਆਂ ਤੋਂ ਪ੍ਰੇਸ਼ਾਨ ਤਹਿਸੀਲਦਾਰ ਨੇ ਚੁੱਕਿਆ ਖੌਫ਼ਨਾਕ ਕਦਮ
Sunday, Nov 20, 2022 - 09:22 PM (IST)
ਰਾਜਸਥਾਨ : ਧੌਲਪੁਰ ਜ਼ਿਲ੍ਹੇ ਦੇ ਬਾਰੀ ਸਦਰ ਥਾਣਾ ਖੇਤਰ ਦੇ ਰਹਿਣ ਵਾਲੇ ਤਹਿਸੀਲਦਾਰ ਆਸਾਰਾਮ ਗੁਰਜਰ ਨੇ ਖੁਦਕੁਸ਼ੀ ਕਰ ਲਈ। ਸ਼ੁੱਕਰਵਾਰ ਨੂੰ ਉਸ ਦੀ ਲਾਸ਼ ਜੰਗਲ 'ਚ ਦਰੱਖਤ ਨਾਲ ਲਟਕਦੀ ਮਿਲੀ। ਆਸਾਰਾਮ ਗੜੀ ਜਖੋਦਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਕਰੌਲੀ ਜ਼ਿਲ੍ਹੇ ਦੀ ਮਸਲਪੁਰ ਤਹਿਸੀਲ ਵਿੱਚ ਤਾਇਨਾਤ ਸੀ। ਪੁਲਸ ਨੇ ਲਾਸ਼ ਨੂੰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਹਾਲਾਂਕਿ ਅਜੇ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।
ਜਾਣਕਾਰੀ ਅਨੁਸਾਰ ਆਸਾਰਾਮ ਗੁਰਜਰ (35) ਪੁੱਤਰ ਦੀਵਾਨ ਸਿੰਘ ਗੁਰਜਰ ਦੀ ਹਾਲ ਹੀ ਵਿੱਚ ਕਰੌਲੀ ਜ਼ਿਲ੍ਹੇ ਦੀ ਮਸਲਪੁਰ ਤਹਿਸੀਲ ਵਿੱਚ ਬਦਲੀ ਹੋਈ ਸੀ। ਉਹ ਅਹੁਦਾ ਸੰਭਾਲਣ ਤੋਂ ਦੋ ਦਿਨ ਪਹਿਲਾਂ ਪਿੰਡ ਗੜ੍ਹੀ ਜਖੌਦਾ ਆਏ ਸਨ। ਸ਼ਨੀਵਾਰ ਦੁਪਹਿਰ ਉਸ ਨੇ ਜੰਗਲ 'ਚ ਜਾ ਕੇ ਦਰੱਖਤ ਨਾਲ ਫਾਹਾ ਲੈ ਲਿਆ। ਨੇੜੇ ਹੀ ਬੱਕਰੀਆਂ ਚਾਰ ਰਹੇ ਕਿਸਾਨ ਨੇ ਜਦੋਂ ਦਰੱਖਤ ਨਾਲ ਲਟਕਦੀ ਲਾਸ਼ ਦੇਖੀ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰਾਂ ਮੌਕੇ 'ਤੇ ਪਹੁੰਚੇ ਅਤੇ ਆਸਾਰਾਮ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਸਾਰਾਮ ਗੁਰਜਰ ਚਾਰ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ। ਚਾਰੇ ਭਰਾ ਸਰਕਾਰੀ ਨੌਕਰੀ ਕਰਦੇ ਸਨ। ਆਸਾਰਾਮ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਇੱਕ ਬੇਟੀ ਵੀ ਹੈ। ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਬਦਲੀਆਂ ਹੋਣ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਅਜਿਹੇ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੁਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ।