ਕਰਜ਼ੇ ''ਚ ਡੁੱਬਿਆ ਸੀ ਪੱਤਰਕਾਰ, ਬੱਚਿਆਂ ਦਾ ਗਲਾ ਦਬਾ ਕੇ ਖੁਦ ਲਗਾਈ ਫਾਂਸੀ, ਪਤਨੀ ਨੇ ਖਾਧਾ ਜ਼ਹਿਰ

Thursday, Jun 21, 2018 - 03:37 PM (IST)

ਕਰਜ਼ੇ ''ਚ ਡੁੱਬਿਆ ਸੀ ਪੱਤਰਕਾਰ, ਬੱਚਿਆਂ ਦਾ ਗਲਾ ਦਬਾ ਕੇ ਖੁਦ ਲਗਾਈ ਫਾਂਸੀ, ਪਤਨੀ ਨੇ ਖਾਧਾ ਜ਼ਹਿਰ

ਹੈਦਰਾਬਾਦ— ਤੇਲੰਗਾਨਾ ਦੇ ਸਿੱਦੀਪੇਟ ਜ਼ਿਲੇ 'ਚ ਇਕ ਪੱਤਰਕਾਰ ਨੇ ਪਹਿਲੇ ਆਪਣੇ ਦੋ ਮਾਸੂਮ ਬੱਚਿਆਂ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਅਤੇ ਫਿਰ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਇਸ ਦੌਰਾਨ ਉਸ ਦੀ ਪਤਨੀ ਨੇ ਵੀ ਜ਼ਹਿਰ ਖਾ ਲਿਆ ਪਰ ਗੁਆਂਢੀਆਂ ਦੀ ਨਜ਼ਰ ਉਸ 'ਤੇ ਪੈ ਗਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। 
ਦਿਲ ਦਹਿਲਾ ਦੇਣ ਵਾਲੀ ਇਹ ਦੁੱਖਦ ਘਟਨਾ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਲਗਭਗ 100 ਕਿਲੋਮੀਟਰ ਦੂਰ ਦੇ ਸਿੱਦੀਪੇਟ ਜ਼ਿਲੇ ਦੀ ਹੈ। ਜਾਣਕਾਰੀ ਮੁਤਾਬਕ ਉਥੇ ਰਹਿਣ ਵਾਲੇ ਪੱਤਰਕਾਰ ਹਨੁੰਮਤ ਰਾਓ ਨੇ ਪਹਿਲੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਦੋ ਮਾਸੂਮ ਬੱਚਿਆਂ ਦਾ ਗਲਾ ਦਬਾ ਦਿੱਤਾ ਅਤੇ ਫਿਰ ਖੁਦ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਉਸ ਦੀ ਪਤਨੀ ਨੇ ਵੀ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਲਿਆ ਗਿਆ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਐਸ.ਪੀ  ਸਿੱਦੀਪਤ ਰਾਮੇਸ਼ਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 35 ਸਾਲਾ ਹਨੁੰਮਤ ਰਾਓ ਇਕ ਤੇਲੁਗੂ ਸਮਾਚਾਰ ਪੱਤਰ ਦੇ ਨਾਲ ਕੰਮ ਕਰਦੇ ਸਨ ਪਰ ਇੰਨੀ ਦਿਨੋਂ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਕਿਉਂਕਿ ਉਨ੍ਹਾਂ ਦੇ ਸਿਰ 'ਤੇ 10 ਲੱਖ ਤੋਂ ਜ਼ਿਆਦਾ ਦਾ ਕਰਜ਼ਾ ਸੀ। ਜਿਸ ਦੇ ਚੱਲਦੇ ਬੁੱੱਧਵਾਰ ਨੂੰ ਉਨ੍ਹਾਂ ਨੇ ਪਤਨੀ ਦੇ ਨਾਲ ਪਹਿਲੇ 5 ਅਤੇ 3 ਸਾਲ ਦੇ ਬੱਚਿਆਂ ਦਾ ਗਲਾ ਦਬਾਇਆ ਅਤੇ ਫਿਰ ਖੁਦ ਫਾਹਾ ਲਗਾ ਲਿਆ ਜਦਕਿ ਪਤਨੀ ਨੇ ਜ਼ਹਿਰ ਨਿਗਲ ਲਿਆ। ਵੀਰਵਾਰ ਨੂੰ ਜਦੋਂ ਗੁਆਂਢੀਆਂ ਨੇ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਮਿਲਿਆ। ਜਿਸ 'ਤੇ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਤੋੜ ਦਿੱਤਾ। ਕਮਰੇ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਹੋ ਗਏ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News