ਪੰਜਾਬ: 6 ਸਾਲਾ ਪੁੱਤ ਨੂੰ ਜੂਸ ਪਿਲਾਉਣ ਲੈ ਕੇ ਗਏ ਸੀ ਮਾਪੇ, ਅੱਖਾਂ ਮੂਹਰੇ ਦਮ ਤੋੜ ਗਿਆ 'ਜਿਗਰ ਦਾ ਟੋਟਾ'
Friday, Jan 09, 2026 - 02:30 PM (IST)
ਲੁਧਿਆਣਾ (ਰਾਜ): ਬੇਖੌਫ ਦੌੜਦੇ ਵਾਹਨਾਂ ਦੀ ਰਫ਼ਤਾਰ ਨੇ ਇਕ ਹੋਰ ਹੱਸਦੇ-ਖੇਡਦੇ ਪਰਿਵਾਰ ਨੂੰ ਸੋਗ ’ਚ ਬਦਲ ਦਿੱਤਾ ਹੈ। ਪਿੰਡ ਡੇਹਲੋਂ ਦੇ ਰੁੜਕਾ ਚੌਕ ’ਚ ਹੋਏ ਇਕ ਦਰਦਨਾਕ ਸੜਕ ਹਾਦਸੇ ’ਚ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਹਰਵਿੰਦਰ ਕੌਰ ਅਤੇ 6 ਸਾਲਾ ਬੇਟੇ ਧਰਮਿੰਦਰ ਸਿੰਘ ਨਾਲ ਆਪਣੀ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ। ਜਦ ਉਹ ਪਿੰਡ ਡੇਹਲੋਂ ਨੇੜੇ ਰੁੜਕਾ ਚੌਕ ਪਹੁੰਚੇ ਤਾਂ ਉਨ੍ਹਾਂ ਨੇ ਜੂਸ ਪੀਣ ਲਈ ਆਪਣੀ ਗੱਡੀ ਸੜਕ ਕਿਨਾਰੇ ਰੋਕੀ। ਇਸ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ, ਜਿਉਂ ਹੀ ਪਰਿਵਾਰ ਗੱਡੀ ਰੋਕ ਕੇ ਖੜ੍ਹਾ ਹੋਇਆ, ਲੁਧਿਆਣਾ ਵਲੋਂ ਆ ਰਹੀ ਇਕ ਸਫੇਦ ਰੰਗ ਦੀ ਰਿਟਜ਼ ਕਾਰ ਨੇ ਲਾਪ੍ਰਵਾਹੀ ਨਾਲ ਤੇਜ਼ ਰਫ਼ਤਾਰ ਨਾਲ ਉਨ੍ਹਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਾਸਤ ਸੀ ਕਿ ਪੀੜਤ ਦੀ ਗੱਡੀ ਸੜਕ ’ਤੇ ਕਈ ਵਾਰ ਪਲਟ ਗਈ। ਇਸ ਹਾਦਸੇ ’ਚ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਦੇ ਤੁਰੰਤ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਨਾਨਕ ਹਸਪਤਾਲ, ਰਾੜਾ ਸਾਹਿਬ ’ਚ ਭਰਤੀ ਕਰਵਾਇਆ ਗਿਆ ਸੀ। ਲਗਭਗ 1 ਹਫ਼ਤੇ ਤੱਕ ਚਲੇ ਜ਼ਿੰਦਗੀ ਅਤੇ ਮੌਤ ਦੇ ਸੰਘਰਸ਼ ਬਾਅਦ ਦੇਰ ਰਾਤ ਨੂੰ ਮਾਸੂਮ ਧਰਮਿੰਦਰ ਸਿੰਘ ਨੇ ਹਸਪਤਾਲ ’ਚ ਦਮ ਤੋੜ ਦਿੱਤਾ।
ਮ੍ਰਿਤਕ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡੇਹਲੋਂ ਦੀ ਪੁਲਸ ਨੇ ਮਾਲੇਰਕੋਟਲਾ ਦੇ ਰਹਿਣ ਵਾਲੇ ਮੁਲਜ਼ਮ ਕਾਰ ਚਾਲਕ ਸੁਨੀਲ ਕੁਮਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
