ਦੂਜਾ ਵਿਆਹ ਕਰਵਾਉਣ ਪਹੁੰਚੇ ਮੌਲਾਨਾ ਨੇ ਪਹਿਲੀ ਪਤਨੀ ਨੂੰ ਕੁੱਟਿਆ, 3 ਗ੍ਰਿਫਤਾਰ
Wednesday, Sep 17, 2025 - 12:32 AM (IST)

ਬਰੇਲੀ (ਉੱਤਰ ਪ੍ਰਦੇਸ਼), (ਭਾਸ਼ਾ)- ਬਰੇਲੀ ਜ਼ਿਲੇ ਦੇ ਨਵਾਬਗੰਜ ਥਾਣਾ ਖੇਤਰ ਵਿਚ ਦੂਜੀ ਵਾਰ ਵਿਆਹ ਕਰਵਾਉਣ ਆਏ ਇਕ ਮੌਲਾਨਾ ਨੂੰ ਆਪਣੀ ਪਹਿਲੀ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਟੇਸ਼ਨ ਹਾਊਸ ਅਫਸਰ ਇੰਸਪੈਕਟਰ ਅਰੁਣ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਸ਼ਾਹੀ ਯਾਨਾ ਇਲਾਕੇ ਦੇ ਪਿੰਡ ਚੱਕਰਵਾਤ ਭਗਵਤੀਪੁਰ ਦੇ ਵਸਨੀਕ ਮੌਲਾਨਾ ਹੈਦਰ ਹੁਸੈਨ, ਉਸਦੇ ਜੀਜਾ ਰਫੀਕ ਅਹਿਮਦ ਅਤੇ ਪਿਤਾ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 85 (ਪਤੀ ਜਾਂ ਰਿਸ਼ਤੇਦਾਰ ਵੱਲੋਂ ਬੇਰਹਿਮੀ) ਅਤੇ ਧਾਰਾ 115(2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ) ਤਹਿਤ ਐੱਫ. ਆਈ. ਆਰ. ਦਰਜ ਕਰ ਕੇ ਤਿੰਨਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਮੁਤਾਬਕ, ਮੌਲਾਨਾ ਹੈਦਰ ਹੁਸੈਨ ਦਾ ਨਿਕਾਹ ਇਸ ਸਾਲ 2 ਫਰਵਰੀ ਨੂੰ ਨਰਗਿਸ ਬੇਗਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਰਿਸ਼ਤੇ ਵਿਚ ਤਣਾਅ ਰਹਿ ਰਿਹਾ ਸੀ। ਇਸ ਦੌਰਾਨ, ਮੌਲਾਨਾ ਨੂੰ ਸ਼ਹਿਰ ਦੀ ਇਕ ਹੋਰ ਕੁੜੀ ਪਸੰਦ ਆ ਗਈ। ਐਤਵਾਰ ਨੂੰ ਉਹ ਆਪਣੇ ਪਿਤਾ, ਜੀਜੇ ਅਤੇ ਲਗਭਗ ਇਕ ਦਰਜਨ ਰਿਸ਼ਤੇਦਾਰਾਂ ਨਾਲ ਦੂਜਾ ਵਿਆਹ ਕਰਨ ਲਈ ਉੱਥੇ ਪਹੁੰਚ ਗਿਆ। ਜਿਵੇਂ ਹੀ ਨਰਗਿਸ ਨੂੰ ਇਸ ਗੱਲ ਦੀ ਖ਼ਬਰ ਮਿਲੀ, ਉਹ ਵੀ ਉੱਥੇ ਪਹੁੰਚ ਗਈ ਅਤੇ ਨਿਕਾਹ ਦਾ ਵਿਰੋਧ ਕੀਤਾ।
ਦੋਸ਼ ਹੈ ਕਿ ਮੌਲਾਨਾ, ਉਸਦੇ ਪਿਤਾ ਅਤੇ ਜੀਜੇ ਨੇ ਵਿਰੋਧ ਕਰਨ ’ਤੇ ਉਸਦੀ ਕੁੱਟਮਾਰ ਕਰ ਦਿੱਤੀ। ਨਰਗਿਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।