ਰੀਅਲ ਮੈਡਰਿਡ ਨੇ ਮਾਨਚੈਸਟਰ ਸਿਟੀ ਨੂੰ 3-0 ਨਾਲ ਹਰਾਇਆ ਤੇ ਪੀਐਸਜੀ ਨੇ ਚੈਲਸੀ ਤੋਂ ਲਿਆ ਬਦਲਾ

Thursday, Mar 12, 2026 - 05:22 PM (IST)

ਰੀਅਲ ਮੈਡਰਿਡ ਨੇ ਮਾਨਚੈਸਟਰ ਸਿਟੀ ਨੂੰ 3-0 ਨਾਲ ਹਰਾਇਆ ਤੇ ਪੀਐਸਜੀ ਨੇ ਚੈਲਸੀ ਤੋਂ ਲਿਆ ਬਦਲਾ

ਮੈਡਰਿਡ : ਫੈਡਰਿਕੋ ਵਾਲਵਰਡੇ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰੀਅਲ ਮੈਡਰਿਡ ਨੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਅੰਤਿਮ-16 ਦੇ ਪਹਿਲੇ ਪੜਾਅ ਵਿੱਚ ਮਾਨਚੈਸਟਰ ਸਿਟੀ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਉਰੂਗਵੇ ਦੇ ਅੰਤਰਰਾਸ਼ਟਰੀ ਖਿਡਾਰੀ ਵਾਲਵਰਡੇ ਨੇ ਮੈਡਰਿਡ ਦੇ ਬਰਨਾਬੇਊ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਦੇ ਪਹਿਲੇ ਹਾਫ਼ ਵਿੱਚ ਹੀ 20ਵੇਂ, 27ਵੇਂ ਅਤੇ 42ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ।

ਦਿੱਗਜ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਵਾਲਵਰਡੇ ਨੇ ਸੰਭਾਲੀ ਕਮਾਨ
ਰੀਅਲ ਮੈਡਰਿਡ ਲਈ ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਰਹੀ ਕਿਉਂਕਿ ਟੀਮ ਆਪਣੇ ਸਟਾਰ ਖਿਡਾਰੀਆਂ ਕਿਲੀਅਨ ਐਮਬਾਪੇ, ਜੂਡ ਬੇਲਿੰਘਮ ਅਤੇ ਰੋਡਰੀਗੋ ਤੋਂ ਬਿਨਾਂ ਮੈਦਾਨ ਵਿੱਚ ਉਤਰੀ ਸੀ, ਜੋ ਸੱਟਾਂ ਕਾਰਨ ਖੇਡਣ ਵਿੱਚ ਅਸਮਰੱਥ ਸਨ। ਵਾਲਵਰਡੇ ਨੇ ਇਨ੍ਹਾਂ ਦਿੱਗਜਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ 15 ਵਾਰ ਦੀ ਚੈਂਪੀਅਨ ਟੀਮ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।

ਰੀਅਲ ਮੈਡਰਿਡ ਦੇ ਕੋਚ ਅਲਵਾਰੋ ਅਰਬੇਲੋਆ ਨੇ ਜਿੱਤ ਤੋਂ ਬਾਅਦ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ, "ਅਸੀਂ ਰੀਅਲ ਮੈਡਰਿਡ ਹਾਂ, ਸਾਨੂੰ ਕਦੇ ਵੀ ਖਤਮ ਹੋਇਆ ਸਮਝਣ ਦੀ ਗਲਤੀ ਨਾ ਕਰੋ"। ਮੈਡਰਿਡ ਦੀ ਇਹ ਜਿੱਤ ਹੋਰ ਵੀ ਵੱਡੀ ਹੋ ਸਕਦੀ ਸੀ, ਪਰ ਦੂਜੇ ਹਾਫ਼ ਵਿੱਚ ਵਿਨੀਸਿਸ ਜੂਨੀਅਰ ਪੈਨਲਟੀ ਨੂੰ ਗੋਲ ਵਿੱਚ ਨਹੀਂ ਬਦਲ ਸਕੇ।

ਪੀਐਸਜੀ (PSG) ਨੇ ਚੈਲਸੀ ਨੂੰ ਦਿੱਤੀ ਕਰਾਰੀ ਹਾਰ
ਇੱਕ ਹੋਰ ਰੋਮਾਂਚਕ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਪੈਰਿਸ ਸੇਂਟ ਜਰਮੇਨ (PSG) ਨੇ ਚੈਲਸੀ ਨੂੰ 5-2 ਨਾਲ ਹਰਾ ਦਿੱਤਾ। ਪੀਐਸਜੀ ਪਿਛਲੇ ਸਾਲ ਕਲੱਬ ਵਿਸ਼ਵ ਕੱਪ ਦੇ ਫਾਈਨਲ ਵਿੱਚ ਚੈਲਸੀ ਤੋਂ ਹਾਰ ਗਿਆ ਸੀ ਅਤੇ ਇਸ ਜਿੱਤ ਨਾਲ ਉਨ੍ਹਾਂ ਨੇ ਆਪਣਾ ਬਦਲਾ ਚੁਕਤਾ ਕਰ ਦਿੱਤਾ ਹੈ। ਹੁਣ ਪੀਐਸਜੀ ਦੀ ਟੀਮ ਤਿੰਨ ਗੋਲਾਂ ਦੀ ਵੱਡੀ ਬੜ੍ਹਤ ਨਾਲ ਦੂਜੇ ਪੜਾਅ ਦਾ ਮੈਚ ਖੇਡੇਗੀ।


author

Tarsem Singh

Content Editor

Related News