ਭਾਰਤੀ ਕੁੜੀਆਂ ਤੋਂ ਨਿਊਡ ਕਾਲ ਕਰਵਾ ਕੇ ਬਲੈਕਮੇਲਿੰਗ ਦਾ ਕੰਮ ਕਰਵਾ ਰਹੇ ਚੀਨੀ
Wednesday, Jul 10, 2024 - 12:17 PM (IST)
ਹੈਦਰਾਬਾਦ- ਚੀਨੀ ਸਾਈਬਰ ਕ੍ਰਿਮੀਨਲਜ਼ ਕੰਬੋਡੀਆ ਭੇਜੀਆਂ ਗਈਆਂ ਭਾਰਤੀ ਕੁੜੀਆਂ ਤੋਂ ਨਿਊਡ ਕਾਲ ਕਰਵਾ ਕੇ ਬਲੈਕਮੇਲਿੰਗ ਦਾ ਕੰਮ ਕਰਵਾ ਰਹੇ ਹਨ। ਇਕ ਨਿਊਜ਼ ਚੈਨਲ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਜ਼ਬਰਦਸਤੀ ਔਰਤਾਂ ਤੋਂ ਲੋਕਾਂ ਨੂੰ ਹਨੀਟ੍ਰੈਪ 'ਚ ਫਸਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਪਰਦਾਫਾਸ਼ ਤੇਲੰਗਾਨਾ ਦੇ ਰਹਿਣ ਵਾਲੇ ਮੁੰਸ਼ੀ ਪ੍ਰਕਾਸ਼ ਨੇ ਕੀਤਾ ਹੈ, ਜੋ ਖ਼ੁਦ ਧੋਖੇ ਦਾ ਸ਼ਿਕਾਰ ਬਣ ਚੁੱਕੇ ਹਨ। ਮੁੰਸ਼ੀ ਇਕ ਆਈ.ਟੀ. ਕੰਪਨੀ 'ਚ ਕੰਮ ਕਰਦੇ ਸਨ। ਉਨ੍ਹਾਂ ਨੇ ਇਕ ਨੌਕਰੀ ਵਾਲੀ ਸਾਈਟਸ 'ਤੇ ਵਿਦੇਸ਼ 'ਚ ਨੌਕਰੀ ਲਈ ਆਪਣੀ ਪੋਸਟ ਅਪਲੋਡ ਕੀਤੀ ਸੀ। ਮੁੰਸ਼ੀ ਅਨੁਸਾਰ, ਉਨ੍ਹਾਂ ਨੂੰ ਇਕ ਦਿਨ ਕੰਬੋਡੀਆ ਦੇ ਏਜੰਟ ਵਿਜੇ ਨੇ ਕਾਲ ਕਰ ਕੇ ਆਸਟ੍ਰੇਲੀਆ ਜਾਣ ਲਈ ਨੌਕਰੀ ਦੀ ਆਫ਼ਰ ਦਿੱਤੀ। ਵਿਜੇ ਨੇ ਟਰੈਵਲ ਹਿਸਟਰੀ ਬਹਾਨੇ ਉਨ੍ਹਾਂ ਨੇ ਮਲੇਸ਼ੀਆ ਦਾ ਟਿਕਟ ਫੜਾ ਦਿੱਤਾ।
ਮੁੰਸ਼ੀ ਨੇ ਦੱਸਿਆ ਕਿ ਉਹ ਫਲਾਈਟ ਰਾਹੀਂ 12 ਮਾਰਚ ਨੂੰ ਕਵਾਲਾਲੰਪੁਰ ਪਹੁੰਚੇ ਸਨ। ਉੱਥੋਂ ਨੇਮ ਪੇਨਹ ਲਿਜਾਇਆ ਗਿਆ। ਵਿਜੇ ਦਾ ਇਕ ਆਦਮੀ ਉਨ੍ਹਾਂ ਨੂੰ ਮਿਲਿਆ, ਜਿਸ ਨੇ ਉਨ੍ਹਾਂ ਤੋਂ 85 ਹਜ਼ਾਰ ਅਮਰੀਕੀ ਡਾਲਰ ਲੈ ਲਏ। ਇਸ ਤੋਂ ਬਾਅਦ ਉਸ ਚੀਨੀ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਕ੍ਰੋਂਗ ਬਾਵੇਟ ਲੈ ਗਏ। ਇੱਥੇ ਟਾਵਰਾਂ ਵਾਲੇ ਕੰਪਲੈਕਸ 'ਚ ਉਨ੍ਹਾਂ ਨੂੰ ਰੋਕਿਆ ਗਿਆ, ਜਿੱਥੇ ਪਹਿਲਾਂ ਤੋਂ ਕਈ ਭਾਰਤੀ ਮੌਜੂਦ ਸਨ। ਇੱਥੇ ਉਨ੍ਹਾਂ ਲੋਕਾਂ ਨੂੰ ਤੇਲੁਗੂ ਅਤੇ ਹੋਰ ਭਾਰਤੀ ਭਾਸ਼ਾਵਾਂ 'ਚ ਕੁੜੀਆਂ ਦੀ ਨਕਲੀ ਪ੍ਰੋਫਾਈਲ ਅਤੇ ਉਨ੍ਹਾਂ ਦਾ ਯੂਜ਼ ਕਰਨ ਲਈ ਟਰੇਨਿੰਗ ਦਿੱਤੀ ਗਈ। ਚੀਨੀਆਂ ਨੇ ਇਕ ਹਫ਼ਤੇ ਤੱਕ ਉਨ੍ਹਾਂ ਨੂੰ ਹਨ੍ਹੇਰੇ ਕਮਰੇ 'ਚ ਬੰਦ ਕਰ ਕੇ ਟਾਰਚਰ ਕੀਤਾ। ਕਿਸੇ ਤਰ੍ਹਾਂ ਮੁੰਸ਼ੀ ਨੇ ਆਪਣਾ ਸੈਲਫ ਵੀਡੀਓ ਰਿਕਾਰਡ ਕਰ ਲਿਆ ਅਤੇ ਆਪਣੀ ਚੇਨਈ 'ਚ ਰਹਿ ਰਹੀ ਭੈਣ ਨੂੰ ਭੇਜ ਦਿੱਤਾ। ਮੁੰਸ਼ੀ ਦੀ ਭੈਣ ਦੀ ਜਾਣਕਾਰੀ ਤੋਂ ਬਾਅਦ ਪ੍ਰਸ਼ਾਸਨ ਨੇ ਭਾਰਤੀ ਦੂਤਘਰ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ 16 ਅਪ੍ਰੈਲ ਨੂੰ ਕੰਬੋਡੀਆ ਦੀ ਪੁਲਸ ਨੇ ਉਨ੍ਹਾਂ ਦਾ ਰੈਸਕਿਊ ਕੀਤਾ। ਚੀਨੀ ਗੈਂਗ ਦੇ ਫਰਜ਼ੀ ਕੇਸ ਕਾਰਨ ਉਨ੍ਹਾਂ ਨੂੰ ਉੱਥੇ ਦੀ ਜੇਲ੍ਹ 'ਚ ਭੇਜਿਆ ਗਿਆ। 12 ਦਿਨਾਂ ਬਾਅਦ ਉਨ੍ਹਾਂ ਉੱਪਰ ਲੱਗੇ ਦੋਸ਼ ਫਰਜ਼ੀ ਪਾਏ ਗਏ। ਇਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਅਤੇ 5 ਜੁਲਾਈ ਨੂੰ ਵਾਪਸ ਦਿੱਲੀ ਪਹੁੰਚੇ। ਮੁੰਸ਼ੀ ਨਾਲ 9 ਹੋਰ ਵੀ ਲੋਕਾਂ ਦੀ ਜਾਨ ਬਚੀ। ਮੁੰਸ਼ੀ ਨੇ ਦੱਸਿਆ ਕਿ ਅਜੇ ਵੀ ਉੱਥੇ 3 ਹਜ਼ਾਰ ਭਾਰਤੀ ਫਸੇ ਹੋਏ ਸਨ, ਜਿਨ੍ਹਾਂ 'ਚ ਕੁੜੀਆਂ ਵੀ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e