ਤੇਲੰਗਾਨਾ : ਬਾਲਾਪੁਰ ਗਣੇਸ਼ ਲੱਡੂ ਰਿਕਾਰਡ ਕੀਮਤ 24.60 ਲੱਖ ''ਚ ਵਿਕਿਆ
Friday, Sep 09, 2022 - 02:59 PM (IST)
ਹੈਦਰਾਬਾਦ (ਵਾਰਤਾ)- ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਸ਼ੁੱਕਰਵਾਰ ਨੂੰ 21 ਕਿਲੋ ਵਜ਼ਨ ਵਾਲਾ ਬਾਲਾਪੁਰ ਗਣੇਸ਼ ਲੱਡੂ 24.60 ਲੱਖ ਰੁਪਏ ਦੀ ਰਿਕਾਰਡ ਕੀਮਤ 'ਤੇ ਵਿਕਿਆ। ਸਥਾਨਕ ਨਿਵਾਸੀ ਵੀ ਲਕਸ਼ਮਾ ਰੈੱਡੀ ਨੇ ਇਸ ਲੱਡੂ ਦੀ ਸਫਲਤਾਪੂਰਵਕ ਬੋਲੀ ਲਗਾਈ। ਪਿਛਲੇ ਸਾਲ ਇਹ ਲੱਡੂ 18.90 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ, ਜਿਸ ਵਿਚ ਇਸ ਸਾਲ 5.70 ਲੱਖ ਰੁਪਏ ਦਾ ਵਾਧਾ ਹੋਇਆ ਹੈ। ਹਰ ਸਾਲ ਗਣੇਸ਼ ਵਿਸਰਜਨ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਇਸ ਲੱਡੂ ਦੀ ਨਿਲਾਮੀ ਕੀਤੀ ਜਾਂਦੀ ਹੈ। ਇਹ ਨਿਲਾਮੀ ਹੁਣ ਤੱਕ ਦੀ ਸਭ ਤੋਂ ਵੱਡੀ ਨਿਲਾਮੀ ਹੈ, ਜੋ 28 ਸਾਲ ਪਹਿਲਾਂ 1994 ਵਿਚ ਸ਼ੁਰੂ ਹੋਈ ਸੀ। ਬਾਲਾਪੁਰ ਉਤਸਵ ਕਮੇਟੀ ਨੇ ਇਸ ਸਾਲ ਨਿਲਾਮੀ ਵਿਚ ਲੱਡੂਆਂ ਦੀ ਕੀਮਤ 20 ਲੱਖ ਰੁਪਏ ਲਗਾਈ ਸੀ।
ਇਸ ਨਿਲਾਮੀ ਵਿਚ 10 ਲੋਕਾਂ ਨੇ ਹਿੱਸਾ ਲਿਆ। ਸ਼ੁਰੂਆਤੀ ਸਾਲ 'ਚ ਬਾਲਾਪੁਰ ਲੱਡੂ ਸਿਰਫ਼ 450 ਰੁਪਏ ਵਿਚ ਵਿਕਿਆ ਸੀ ਅਤੇ ਹੁਣ ਹਰ ਸਾਲ ਲੱਡੂ ਦੀ ਨਿਲਾਮੀ ਕਰਨ ਦੀ ਰਵਾਇਤ ਚੱਲ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਬਾਲਾਪੁਰ ਦੇ ਲੱਡੂ ਖਰੀਦਣ ਵਾਲੇ ਨੂੰ ਵਰਦਾਨ ਮਿਲਦਾ ਹੈ ਅਤੇ ਜੋ ਇਸ ਨੂੰ ਨਿਲਾਮੀ ਵਿਚ ਜਿੱਤਦਾ ਹੈ ਉਹ ਖੁਸ਼ਕਿਸਮਤ ਹੈ। ਨਿਲਾਮੀ ਵਿਚ ਲੱਡੂ ਜਿੱਤਣ ਤੋਂ ਬਾਅਦ ਜੇਤੂ ਇਸ ਨੂੰ ਪਿੰਡ ਵਾਸੀਆਂ ਵਿਚ ਵੰਡਣਗੇ ਅਤੇ ਉਪਜ 'ਚ ਵਾਧੇ ਲਈ ਇਸ ਦੇ ਕੁਝ ਹਿੱਸੇ ਖੇਤਾਂ ਵਿਚ ਵੀ ਪਾਉਣਗੇ। ਇਸ 21 ਕਿਲੋ ਦੇ ਲੁੱਡੂ ਨੂੰ 31 ਅਗਸਤ ਤੋਂ ਸ਼ੁਰੂ ਹੋਈ ਗਣੇਸ਼ ਚਤੁਰਥੀ ਮੌਕੇ ਭਗਵਾਨ ਗਣੇਸ਼ ਨੂੰ ਚੜ੍ਹਾਇਆ ਗਿਆ ਸੀ। ਬਾਲਾਪੁਰ ਗਣੇਸ਼ ਲੱਡੂ ਨੂੰ ਸ਼ੁੱਧ ਘਿਓ ਅਤੇ ਸੁੱਕੇ ਮੇਵੇ ਵਿਚ ਬਣਾਇਆ ਜਾਂਦਾ ਹੈ ਅਤੇ ਚਾਂਦੀ ਦੇ ਕਟੋਰੇ ਵਿਚ ਰੱਖ ਕੇ ਭਗਵਾਨ ਗਣੇਸ਼ ਦੇ ਹੱਥਾਂ ਵਿਚ ਰੱਖਿਆ ਜਾਂਦਾ ਹੈ। ਇਹ ਹਰ ਸਾਲ ਹਨੀਵੈਲ ਫੂਡਜ਼ ਵਲੋਂ ਇਸ ਨੂੰ ਤਿਆਰ ਅਤੇ ਦਾਨ ਕੀਤਾ ਜਾਂਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ