ਭੁੱਖ ਨਾਲ ਮਰੀ ਬੱਚੀ ਦੀ ਮਾਂ ਨੂੰ ਪਿੰਡ ''ਚੋਂ ਕੱਢਿਆ

10/21/2017 4:00:18 PM

ਸਿਮਡੇਗਾ— ਝਾਰਖੰਡ ਦੇ ਸਿਮਡੇਗਾ ਜ਼ਿਲੇ ਦੇ ਇਕ ਪਿੰਡ 'ਚ 28 ਸਤੰਬਰ ਨੂੰ ਕਥਿਤ ਤੌਰ 'ਤੇ ਭੁੱਖ ਕਾਰਨ ਮੌਤ ਦਾ ਸ਼ਿਕਾਰ ਹੋਈ 11 ਸਾਲਾ ਬੱਚੀ ਦੀ ਮਾਂ ਨੂੰ ਉਸ ਦੇ ਪਿੰਡ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਖਬਰਾਂ ਅਨੁਸਾਰ ਸਥਾਨਕ ਲੋਕਾਂ ਨੇ ਔਰਤ 'ਤੇ ਪਿੰਡ ਦੀ ਬਦਨਾਮੀ ਕਰਨ ਦਾ ਦੋਸ਼ ਲਾਇਆ ਹੈ। ਡਰੀ ਹੋਈ ਔਰਤ ਬਾਅਦ 'ਚ ਪੰਚਾਇਤ ਘਰ 'ਚ ਗਈ। ਸਿਮਡੇਗਾ ਜ਼ਿਲਾ ਪ੍ਰਸ਼ਾਸਨ ਨੇ ਸਥਾਨਕ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਖੁਰਾਕ ਸੁਰੱਖਿਆ ਸੰਬੰਧੀ ਮੁੱਦਿਆਂ 'ਤੇ ਕੰਮ ਕਰ ਰਹੇ ਇਕ ਸੰਗਠਨ ਵੱਲੋਂ 15 ਅਕਤੂਬਰ ਨੂੰ ਖਬਰ ਦਿਖਾਉਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਸੀ। ਬੱਚੀ ਦੀ ਮਾਂ ਨੇ ਇਕ ਬਿਆਨ 'ਚ ਕਿਹਾ ਸੀ ਕਿ ਉਸ ਦੀ ਬੇਟੀ ਦੀ ਮੌਤ ਭੁੱਖ ਕਾਰਨ ਹੋਈ ਹੈ। ਨਾਲ ਹੀ ਉਸ ਦੇ ਪਰਿਵਾਰ ਨੂੰ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਦੇ ਅਧੀਨ ਦੁਕਾਨਦਾਰ ਨੇ ਅਨਾਜ ਨਹੀਂ ਦਿੱਤਾ, ਕਿਉਂਕਿ ਉਸ ਦਾ ਆਧਾਰ ਕਾਰਡ, ਰਾਸ਼ਨ ਕਾਰਡ ਨਾਲ ਜੁੜਿਆ ਹੋਇਆ ਨਹੀਂ ਸੀ।
ਸਿਮਡੇਗਾ ਜ਼ਿਲਾ ਪ੍ਰਸ਼ਾਸਨ ਨੇ ਹੁਣ ਤੱਕ ਕਿਹਾ ਹੈ ਕਿ ਬੱਚੀ ਸੰਤੋਸ਼ੀ ਮਲੇਰੀਆ ਨਾਲ ਪੀੜਤ ਸੀ ਅਤੇ ਉਸੇ ਬੀਮਾਰੀ ਕਾਰਨ ਉਸ ਦੀ ਮੌਤ ਹੋਈ ਹੈ। ਹਾਲਾਂਕਿ ਰਾਜ ਦੇ ਸਿਹਤ ਵਿਭਾਗ ਨੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। 
ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਮੰਗਲਵਾਰ ਨੂੰ ਸਿਮਡੇਗਾ ਜ਼ਿਲੇ ਦਾ ਦੌਰਾ ਕੀਤਾ ਸੀ ਅਤੇ ਡਿਪਟੀ ਕਮਿਸ਼ਨਰ ਮੰਜੂਨਾਥ ਭਜਨਤਰੀ ਨਾਲ ਕਥਿਤ ਤੌਰ 'ਤੇ ਭੁੱਖ ਨਾਲ ਹੋਈ ਮੌਤ ਦੇ ਮਾਮਲੇ 'ਚ ਪੂਰੀ ਜਾਂਚ ਰਿਪੋਰਟ ਦੀ ਮੰਗ ਕੀਤੀ ਸੀ। ਬੱਚੀ ਦੀ ਮੌਤ ਤੋਂ ਬਾਅਦ ਰਾਜ ਸਰਕਾਰ ਨੇ ਐਲਾਨ ਕੀਤਾ ਸੀ ਕਿ ਪੀ.ਡੀ.ਐੱਸ. ਦੁਕਾਨਾਂ 'ਤੇ ਖੁਰਾਕ ਅਨਾਜ ਪਛਾਣ ਪੱਤਰ ਦਿਖਾ ਕੇ ਵੰਡਿਆ ਜਾਵੇਗਾ।


Related News