ਜੱਜ ਦੀ ਕੁਰਸੀ ''ਤੇ ਬੈਠ ਕੇ ਸੈਲਫੀ ਲੈਣੀ ਪੁਲਸ ਕਾਂਸਟੇਬਲ ਨੂੰ ਪਈ ਮਹਿੰਗੀ, ਮਾਮਲਾ ਦਰਜ
Tuesday, Jul 03, 2018 - 02:22 AM (IST)
ਉਮਰੀਆ— ਜ਼ਿਲਾ ਤੇ ਸੈਸ਼ਨ ਕੋਰਟ ਉਮਰੀਆ 'ਚ ਇਕ ਜੱਜ ਦੀ ਕੁਰਸੀ 'ਤੇ ਬੈਠ ਕੇ ਸੈਲਫੀ ਲੈਣੀ ਇਕ ਟ੍ਰੇਨੀ ਪੁਲਸ ਕਾਂਸਟੇਬਲ ਨੂੰ ਮਹਿੰਗੀ ਪੈ ਗਈ। ਇਸ ਲਈ ਉਸ ਦੇ ਵਿਰੁੱਧ ਅਦਾਲਤੀ ਰੂਮ 'ਚ ਜਬਰੀ ਦਾਖਲ ਹੋਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਕੋਤਵਾਲੀ ਥਾਣੇ ਦੇ ਇੰਚਾਰਜ ਆਰ. ਬੀ. ਸੋਨੀ ਨੇ ਅੱਜ ਦੱਸਿਆ ਕਿ ਪੁਲਸ ਟ੍ਰੇਨਿੰਗ ਸੈਂਟਰ ਉਮਰੀਆ 'ਚ ਸਿਖਲਾਈ ਲੈ ਰਿਹਾ ਕਾਂਸਟੇਬਲ ਰਾਮ ਅਵਤਾਰ ਰਾਵਤ (28) ਜ਼ਿਲਾ ਤੇ ਸੈਸ਼ਨ ਕੋਰਟ ਪਹੁੰਚ ਕੇ ਸ਼ਨੀਵਾਰ ਨੂੰ ਸਵੇਰੇ ਲਗਭਗ ਸਾਢੇ 9 ਵਜੇ ਜ਼ਿਲਾ ਜੱਜ ਦੀ ਕੁਰਸੀ 'ਤੇ ਬੈਠ ਕੇ ਸੈਲਫੀ ਲੈਣ ਲੱਗਾ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਅਦਾਲਤ 'ਚ ਤਾਇਨਾਤ ਚੌਕੀਦਾਰ ਸ਼ਕਤੀ ਸਿੰਘ ਨੇ ਕਾਂਸਟੇਬਲ ਨੂੰ ਸੈਲਫੀ ਖਿਚਦਿਆਂ ਫੜ ਲਿਆ ਅਤੇ ਇਸ ਦੀ ਜਾਣਕਾਰੀ ਅਦਾਲਤ ਦੇ ਅਧਿਕਾਰੀਆਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਇਸ ਦੀ ਸੂਚਨਾ ਕੋਤਵਾਲੀ ਉਮਰੀਆ ਨੂੰ ਦਿੱਤੀ, ਜਿਸ ਦੇ ਮਗਰੋਂ ਪੁਲਸ ਨੇ ਆ ਕੇ ਸੈਲਫੀ ਲੈਣ ਵਾਲੇ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰਕੇ ਉਸ ਤਹਿਤ ਮਾਮਲਾ ਦਰਜ ਕਰ ਲਿਆ।
