ਚਾਰਧਾਮ ਪ੍ਰਾਜੈਕਟ ’ਚ ਸੜਕ ਚੌੜੀ ਕਰਨ ਨੂੰ ਸੁਪਰੀਮ ਕੋਰਟ ਦੀ ਮਨਜ਼ੂਰੀ

12/14/2021 6:10:43 PM

ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਨੇ ਉਤਰਾਖੰਡ ਦੇ ਚਾਰਧਾਮ ‘ਆਲ ਵੇਦਰ’ ਰਾਸ਼ਟਰੀ ਰਾਜਮਾਰਗ ਪ੍ਰਾਜੈਕਟ ਦੇ ਅਧੀਨ ਚੀਨ ਸਰਹੱਦ ਤੱਕ ਪਹੁੰਚਣ ਵਾਲੀਆਂ ਸੜਕਾਂ ਨੂੰ 5 ਤੋਂ10 ਮੀਟਰ ਤੱਕ ਚੌੜੀਕਰਨ ਕਰਨ ਦੀ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੱਜ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਦੀ ਦਲੀਲ ਨੂੰ ਨੋਟਿਸ ’ਚ ਲਿਆ, ਜਿਸ ’ਚ ਰਾਸ਼ਟਰੀ ਸੁਰੱਖਿਆ ਲਈ ਰਣਨੀਤਕ ਦ੍ਰਿਸ਼ਟੀ ਨਾਲ ਸੜਕਾਂ ਦੀ ਚੌੜਾਈ 5 ਤੋਂ ਵਧਾ ਕੇ 10 ਮੀਟਰ ਕੀਤਾ ਜਾਣਾ ਜ਼ਰੂਰੀ ਦੱਸਿਆ ਸੀ। ਸੁਪਰੀਮ ਕੋਰਟ ਨੇ ਪ੍ਰਸਤਾਵਿਤ ਕਰੀਬ 900 ਕਿਲੋਮੀਟਰ ‘ਚਾਰਧਾਮ’ ਰਾਜਮਾਰਗ ਨੂੰ ਸਾਢੇ 5 ਮੀਟਰ ਤੋਂ ਵਧਾ ਕੇ 10 ਮੀਟਰ ਚੌੜੀ ਕਰਨ ਦੀ ਕੇਂਦਰ ਸਰਕਾਰ ਦੀ ਮਨਜ਼ੂਰੀ ਦੀ ਮੰਗ ’ਤੇ ਸੁਰੱਖਿਆ ਅਤੇ ਵਾਤਾਵਰਣ ਨਾਲ ਸੰਬੰਧਤ ਵੱਖ-ਵੱਖ ਬਿੰਦੂਆਂ ’ਤੇ ਡੂੰਘਾ ਵਿਚਾਰ ਕੀਤਾ ਅਤੇ ਅਦਾਲਤ ਨੇ ਬਦਲੀਆਂ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਸਰਕਾਰ ਨੂੰ ਆਲ ਵੇਦਰ ਰੋਡ ਦੇ ਚੌੜੀਕਰਨ ਦੀ ਮਨਜ਼ੂਰੀ ਪ੍ਰਦਾਨ ਕੀਤੀ।

ਇਹ ਵੀ ਪੜ੍ਹੋ : ਔਰਤਾਂ ਨੂੰ ਲੈ ਕੇ ਟਿੱਪਣੀ ’ਤੇ ਵਿਵਾਦ : CBSE ਨੇ 10ਵੀਂ ਦੇ ਪੇਪਰ ਤੋਂ ਕੁਝ ਸਵਾਲ ਹਟਾਏ, ਮਿਲਣਗੇ ਪੂਰੇ ਅੰਕ

ਸੁਣਵਾਈ ਦੌਰਾਨ ਕੇਂਦਰ ਸਰਕਾਰ ਦਾ ਪੱਖ ਰੱਖਦੇ ਹੋਏ ਅਟਾਰਨੀ ਜਨਰਲ ਕੇ.ਕੇ. ਵੇਨੂੰਗੋਪਾਲ ਨੇ ਕਿਹਾ ਕਿ ਪਿਛਲੇ ਇਕ ਸਾਲ ’ਚ ਭਾਰਤ-ਚੀਨ ਸਰਹੱਦ ’ਤੇ ਜ਼ਮੀਨੀ ਸਥਿਤੀਆਂ ’ਚ ਵੱਡੀ ਤਬਦੀਲੀ ਆਈ ਹੈ। ਇਸ ਕਾਰਨ ਫ਼ੌਜੀਆਂ ਅਤੇ ਫ਼ੌਜ ਸਾਜੋ-ਸਾਮਾਨ ਲਈ ਤੈਅ ਸਥਾਨ ’ਤੇ ਲਿਜਾਉਣ ਲਈ ਪ੍ਰਸਤਾਵਿਤ ਸੜਕ ਦੀ ਚੌੜਾਈ ਵਧਾਉਣਾ ਜ਼ਰੂਰੀ ਹੋ ਗਿਆ ਹੈ। ਸਵੈ-ਸੇਵੀ ਸੰਸਥਾ ‘ਸਿਟੀਜਨਜ਼ ਫ਼ਾਰ ਗ੍ਰੀਨ ਦੂਨ’ ਨੇ ਇਸ ਪ੍ਰਾਜੈਕਟ ’ਚ ਵੱਡੇ ਪੈਮਾਨੇ ’ਤੇ ਦਰੱਖਤਾਂ ਦੀ ਕਟਾਈ ਅਤੇ ਹੋਰ ਵਾਤਾਵਰਣ ਦੇ ਨੁਕਸਾਨ ’ਤੇ ਸਵਾਲ ਖੜ੍ਹੇ ਕਰਦੇ ਇਸ ਨਾਲ ਵਾਤਾਵਰਣ ਦੇ ਨੁਕਸਾਨ ਦਾ ਮੁੱਦਾ ਚੁਕਦੇ ਹੋਏ ਸੜਕ ਦੀ ਚੌੜਾਈ ਵਧਾਉਣ ਦਾ ਵਿਰੋਧ ਕੀਤਾ ਸੀ। ਸੁਪਰੀਮ ਕੋਰਟ ਨੇ ਸਤੰਬਰ 2020 ’ਚ ਕੇਂਦਰ ਸਰਕਾਰ ਨੂੰ ਉਸ ਦੀ 2018 ਦੀ ਨੋਟੀਫਿਕੇਸ਼ਨ ਦਾ ਪਾਲਣ ਕਰਦੇ ਹੋਏ ਸਾਢੇ 5 ਮੀਟਰ ਚੌੜਾਈ ਰੱਖਣ ਦਾ ਆਦੇਸ਼ ਦਿੱਤਾ ਸੀ। ਦੱਸਣਯੋਗ ਹੈ ਕਿ ਚਾਰਧਾਮ ਰਾਜਮਾਰਗ ਸੜਕ ਪ੍ਰਾਜੈਕਟ ਤੋਂ ਉਤਰਾਖੰਡ ਦੇ ਚਾਰੇ ਹਿੰਦੂ ਤੀਰਥ ਸਥਾਨਾਂ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਆਉਣ ਵਾਲੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਹਰ ਮੌਸਮ ’ਚ ਇੱਥੇ ਆਉਣ ’ਤੇ ਸੌਖ ਹੋਵੇਗੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੂੰ ਮਿਲਿਆ ਲੰਡਨ ਦਾ 21ਵੀਂ ਸੈਂਚੁਰੀ ਆਈਕੌਨ ਐਵਾਰਡ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News