ਕੋਰੋਨਾ ਨਾਲ ਜੰਗ ''ਚ ਮਿਲ ਰਹੀ ਕਾਮਯਾਬੀ, 22 ਫੀਸਦੀ ਤੋਂ ਜ਼ਿਆਦਾ ਮਰੀਜ਼ ਹੋਏ ਠੀਕ

04/27/2020 8:52:56 PM

ਨਵੀਂ ਦਿੱਲੀ (ਏਜੰਸੀਆਂ)- 16 ਜ਼ਿਲਿਆਂ 'ਚ ਪਿਛਲੇ 28 ਦਿਨਾਂ ਤੋਂ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ 3 ਜ਼ਿਲੇ ਅਜਿਹੇ ਵੀ ਹਨ, ਜਿੱਥੇ ਕੋਈ ਕੋਰੋਨਾ ਕੇਸ ਹੀ ਨਹੀਂ ਆਇਆ। ਕਹਿ ਸਕਦੇ ਹਾਂ ਕਿ ਕੋਰੋਨਾ ਨਾਲ ਜੰਗ 'ਚ ਦੇਸ਼ ਨੂੰ ਕਾਮਯਾਬੀ ਮਿਲ ਰਹੀ ਹੈ।  ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ 1463 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਇਨਫੈਕਟਿਡਾਂ ਦੀ ਗਿਣਤੀ 28 ਹਜ਼ਾਰ ਦੇ ਪਾਰ ਪਹੁੰਚ ਗਈ ਹੈ ਅਤੇ 60 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 886 ਹੋ ਗਿਆ ਹੈ।

32 ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਵਿਚ ਕੋਰੋਨਾ ਦੇ ਹੁਣ ਤੱਕ ਕੁਲ 28,380 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ 111 ਵਿਦੇਸ਼ੀ ਮਰੀਜ਼ ਸ਼ਾਮਲ ਹਨ। ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੇ ਸਿਹਤਯਾਬ ਹੋਣ ਦੀ ਰਫਤਾਰ ਵੀ ਤੇਜ਼ ਹੋ ਗਈ ਹੈ ਅਤੇ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਟਿਡ 448 ਲੋਕਾਂ ਦੇ ਸਿਹਤਯਾਬ ਹੋਣ ਦੇ ਨਾਲ ਅਜਿਹੇ ਲੋਕਾਂ ਦੀ ਗਿਣਤੀ 6362 ਤੱਕ ਪਹੁੰਚ ਗਈ ਹੈ। ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ ਵੱਧ ਕੇ 22.71 ਹੋ ਗਿਆ ਹੈ। 

ਠੀਕ ਹੋਏ ਮਰੀਜ਼ਾਂ ਤੋਂ ਬੀਮਾਰੀ ਫੈਲਣ ਦਾ ਖਤਰਾ ਨਹੀਂ

ਅਗਰਵਾਲ ਨੇ ਕਿਹਾ ਕਿ ਇਹ ਸਮਝਣ ਦੀ ਲੋੜ ਹੈ ਕਿ ਠੀਕ ਹੋਏ ਮਰੀਜ਼ਾਂ ਤੋਂ ਬੀਮਾਰੀ ਫੈਲਣ ਦਾ ਕੋਈ ਖਤਰਾ ਨਹੀਂ ਰਹਿੰਦਾ। ਅਸਲ 'ਚ, ਪਲਾਜ਼ਮਾ ਥੈਰੇਪੀ ਦੀ ਵਰਤੋਂ ਕਰਦੇ ਹੋਏ ਐਂਟੀਬਾਡੀ ਲਈ ਇਲਾਜ ਦਾ ਉਹ ਇਕ ਸੰਭਾਵਿਤ ਸਰੋਤ ਬਣ ਸਕਦੇ ਹਨ। ਸਾਨੂੰ ਗਲਤ ਸੂਚਨਾ ਅਤੇ ਅਫਵਾਹ ਫੈਲਾਉਣ ਤੋਂ ਬਚਣਾ ਚਾਹੀਦਾ ਹੈ। ਕੋਰੋਨਾ ਪ੍ਰਸਾਰ ਲਈ ਕਿਸੇ ਭਾਈਚਾਰੇ ਜਾਂ ਖੇਤਰ ਵਿਸ਼ੇਸ਼ ਨੂੰ ਫਿਕਸ ਨਹੀਂ ਕਰਨਾ ਚਾਹੀਦਾ।


Sunny Mehra

Content Editor

Related News