ਏਸ਼ੀਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ : ਭਾਰਤੀ ਮੁੱਕੇਬਾਜ਼ਾਂ ਨੇ ਰਿਕਾਰਡ 43 ਤਮਗੇ ਕੀਤੇ ਹਾਸਲ
Sunday, May 05, 2024 - 10:28 AM (IST)
ਅਸਤਾਨਾ (ਕਜਾਖਿਸਤਾਨ)- ਆਕਾਸ਼ ਗੋਰਖਾ, ਵਿਸ਼ਵਨਾਥ ਸੁਰੇਸ਼, ਨਿਖਿਲ ਅਤੇ ਪ੍ਰੀਤ ਮਲਿਕ ਨੇ ਸ਼ਨੀਵਾਰ ਨੂੰ ਇਥੇ ਅੰਡਰ-22 ਪੁਰਸ਼ ਫਾਈਨਲ ’ਚ ਪ੍ਰਵੇਸ਼ ਕੀਤਾ, ਜਿਸ ਨਾਲ ਭਾਰਤੀ ਮੁੱਕੇਬਾਜ਼ਾਂ ਨੇ ਏ. ਐੱਸ. ਬੀ. ਸੀ. ਏਸ਼ੀਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਵੱਖ-ਵੱਖ ਵਰਗਾਂ ’ਚ ਬੇਮਿਸਾਲ 43 ਤਮਗੇ ਪੱਕੇ ਕੀਤੇ।
ਸੀਨੀਅਰ ਰਾਸ਼ਟਰੀ ਚੈਂਪੀਅਨ ਆਕਾਸ਼ ਨੇ 60 ਕਿ. ਗ੍ਰਾ. ਵਰਗ ’ਚ ਦਬਦਬਾ ਬਣਾਉਂਦੇ ਹੋਏ ਸੈਮੀਫਾਈਨਲ ’ਚ ਉਜ਼ਬੇਕਿਸਤਾਨ ਦੇ ਇਲਾਸੋਵ ਸਯਾਤ ’ਤੇ 5-0 ਨਾਲ ਜਿੱਤ ਦਰਜ ਕੀਤੀ।
ਮੌਜੂਦਾ ਯੂਥ ਵਿਸ਼ਵ ਚੈਂਪੀਅਨ ਵਿਸ਼ਵਨਾਥ (48 ਕਿਲੋ) ਨੇ ਰੀਵਿਊ ਤੋਂ ਬਾਅਦ ਫਿਲੀਪੀਨਜ਼ ਦੇ ਬੈਰੀਕੁਏਟਰੋ ਬ੍ਰਾਇਨ ’ਤੇ 5-2 ਨਾਲ ਜਿੱਤ ਦਰਜ ਕੀਤੀ। ਨਿਖਿਲ (57 ਕਿ. ਗ੍ਰਾ.) ਅਤੇ ਪ੍ਰੀਤ (67 ਕਿ. ਗ੍ਰਾ.) ਨੇ ਵੀ ਮੰਗੋਲੀਆ ਦੇ ਦੋਰਜਾਨਯਾਮਬੂ ਗਾਨਬੋਲਡ ਅਤੇ ਕਿਰਗਿਸਤਾਨ ਦੇ ਅਲਮਾਜ਼ ਓਰੋਜ਼ਬੇਕੋਵ ਨੂੰ ਕ੍ਰਮਵਾਰ 5-2 ਦੇ ਇਸੇ ਫਰਕ ਨਾਲ ਹਰਾਇਆ ਪਰ ਐੱਮ ਜਾਦੂਮਣੀ ਸਿੰਘ (51 ਕਿ. ਗ੍ਰਾ.), ਅਜੇ ਕੁਮਾਰ (63.5 ਕਿਲੋ), ਅੰਕੁਸ਼ (71 ਕਿ. ਗ੍ਰਾ.), ਧਰੁਵ ਸਿੰਘ (80 ਕਿ. ਗ੍ਰਾ.), ਜੁਗਨੂੰ (86 ਕਿ. ਗ੍ਰਾ.) ਅਤੇ ਯੁਵਰਾਜ (92 ਕਿ. ਗ੍ਰਾ.) ਨੂੰ ਅੰਡਰ-22 ਦੇ ਆਪਣੇ ਸੈਮੀਫਾਈਨਲ ਗਵਾਉਣ ਨਾਲ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।