ਭਾਰਤ ਨੇ ਚੀਨ ਨਾਲ ਸਭ ਤੋਂ ਜ਼ਿਆਦਾ ਵਪਾਰ ਕੀਤਾ, ਦੂਜੇ ਨੰਬਰ ’ਤੇ ਖਿਸਕਿਆ ਅਮਰੀਕਾ
Sunday, May 12, 2024 - 11:00 PM (IST)
ਨਵੀਂ ਦਿੱਲੀ (ਭਾਸ਼ਾ)– ਵਿੱਤੀ ਸਾਲ 2023-24 ਦੌਰਾਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚੀਨ ਰਿਹਾ। ਭਾਰਤ ਦੇ ਇਕਨਾਮਿਕ ਥਿੰਕ ਟੈਂਕ-ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੇ ਡਾਟਾ ਮੁਤਾਬਕ ਪਿਛਲੇ ਵਿੱਤੀ ਸਾਲ ’ਚ ਭਾਰਤ ਤੇ ਚੀਨ ਦਰਮਿਆਨ ਦੋਤਰਫ਼ਾ ਵਪਾਰ ਕਰੀਬ 118.4 ਅਰਬ ਡਾਲਰ ਦਾ ਰਿਹਾ। ਇਹ ਭਾਰਤ ਤੇ ਅਮਰੀਕਾ ਦਰਮਿਆਨ ਹੋਏ ਵਪਾਰ (118.3 ਅਰਬ ਡਾਲਰ) ਦੀ ਤੁਲਨਾ ’ਚ ਥੋੜ੍ਹਾ ਜ਼ਿਆਦਾ ਹੈ। ਹਾਲਾਂਕਿ ਅਮਰੀਕਾ ਵਿੱਤੀ ਸਾਲ 2021-22 ਤੇ 2022-23 ਦੇ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਸੀ।
ਭਾਰਤ ਦੇ 6 ਸਭ ਤੋਂ ਵੱਡੇ ਵਪਾਰਕ ਭਾਈਵਾਲ
- ਚੀਨ ਨਾਲ 118.4 ਅਰਬ ਡਾਲਰ ਦਾ ਵਪਾਰ
- ਅਮਰੀਕਾ ਨਾਲ 118.3 ਅਰਬ ਡਾਲਰ ਦਾ ਵਪਾਰ
- ਯੂ. ਏ. ਈ. ਨਾਲ 83.6 ਅਰਬ ਡਾਲਰ ਦਾ ਵਪਾਰ
- ਰੂਸ ਨਾਲ 65.7 ਅਰਬ ਡਾਲਰ ਦਾ ਵਪਾਰ
- ਸਾਊਦੀ ਅਰਬ ਨਾਲ 43.4 ਅਰਬ ਡਾਲਰ ਦਾ ਵਪਾਰ
- ਸਿੰਗਾਪੁਰ ਨਾਲ 35.6 ਅਰਬ ਡਾਲਰ ਦਾ ਵਪਾਰ
ਇਹ ਖ਼ਬਰ ਵੀ ਪੜ੍ਹੋ : 6.5 ਬੈਂਡ ਵਾਲੀ ਕੁੜੀ ਨਾਲ ਵਿਆਹ ਤੇ ਕੈਨੇਡਾ ਭੇਜਣ ’ਤੇ ਖ਼ਰਚੇ 36 ਲੱਖ, ਹੁਣ ਕਰਨ ਲੱਗੀ 25 ਲੱਖ ਦੀ ਹੋਰ ਡਿਮਾਂਡ
ਚੀਨ ਨਾਲ ਕਿੰਨਾ ਵਧਿਆ ਵਪਾਰ?
ਜੀ. ਟੀ. ਆਰ. ਆਈ. ਦਾ ਡਾਟਾ ਦੱਸਦਾ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਭਾਰਤ ਦੀ ਚੀਨ ਨੂੰ ਬਰਾਮਦ 8.7 ਫ਼ੀਸਦੀ ਵੱਧ ਕੇ 16.67 ਅਰਬ ਡਾਲਰ ’ਤੇ ਪਹੁੰਚ ਗਈ। ਚੀਨ ਨੂੰ ਬਰਾਮਦ ਵਧਾਉਣ ’ਚ ਭਾਰਤ ਦੇ ਲੋਹ ਓਰ, ਸੂਤੀ ਧਾਗਾ, ਕੱਪੜੇ, ਮੇਡਅੱਪ, ਹੈਂਡਲੂਮ, ਮਸਾਲੇ, ਫ਼ਲ ਤੇ ਸਬਜ਼ੀਆਂ, ਪਲਾਸਟਿਕ ਤੇ ਲਿਨੋਲੀਅਮ ਦੀ ਅਹਿਮ ਭੂਮਿਕਾ ਰਹੀ।
ਜੇਕਰ ਚੀਨ ਤੋਂ ਦਰਾਮਦ ਦੀ ਗੱਲ ਕਰੀਏ ਤਾਂ ਇਸ ’ਚ 3.24 ਫ਼ੀਸਦੀ ਦਾ ਉਛਾਲ ਆਇਆ ਤੇ ਇਹ 101.7 ਅਰਬ ਡਾਲਰ ਤਕ ਪਹੁੰਚ ਗਈ। ਭਾਰਤ ਚੀਨ ਤੋਂ ਜ਼ਿਆਦਾਤਰ ਇਲੈਕਟ੍ਰਾਨਿਕ ਸਾਮਾਨ, ਨਿਊਕਲੀਅਰ ਰਿਐਕਟਰਸ, ਬਾਇਲਰ, ਆਰਗੈਨਿਕ ਕੈਮੀਕਲ, ਪਲਾਸਟਿਕ ਦਾ ਸਾਮਾਨ, ਫਰਟੀਲਾਈਜ਼ਰ, ਗੱਡੀਆਂ ਨਾਲ ਜੁੜਿਆ ਸਾਮਾਨ, ਕੈਮੀਕਲ ਪ੍ਰੋਡਕਟਸ, ਆਇਰਨ ਐਂਡ ਸਟੀਲਸ, ਆਇਰਨ ਐਂਡ ਸਟੀਲ ਦਾ ਸਾਮਾਨ ਤੇ ਐਲੂਮੀਨੀਅਮ ਖ਼ਰੀਦਦਾ ਹੈ।
ਅਮਰੀਕਾ ਤੋਂ ਦਰਾਮਦ-ਬਰਾਮਦ ਘਟੀ
ਵਿੱਤੀ ਸਾਲ 2023-24 ’ਚ ਅਮਰੀਕਾ ਨੂੰ ਬਰਾਮਦ 1.32 ਫ਼ੀਸਦੀ ਘੱਟ ਕੇ 77.5 ਅਰਬ ਡਾਲਰ ’ਤੇ ਆ ਗਈ। ਜੇਕਰ ਦਰਾਮਦ ’ਤੇ ਗੌਰ ਕਰੀਏ ਤਾਂ ਇਸ ’ਚ ਕਰੀਬ 20 ਫ਼ੀਸਦੀ ਦੀ ਗਿਰਾਵਟ ਆਈ ਹੈ ਤੇ 40.1 ਅਰਬ ਡਾਲਰ ’ਤੇ ਆ ਗਈ। ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦਾ ਕਹਿਣਾ ਹੈ ਕਿ ਵਿੱਤੀ ਸਾਲ 2019 ਤੋਂ ਵਿੱਤੀ ਸਾਲ 2024 ਤਕ ਭਾਰਤ ਦੇ ਸਭ ਤੋਂ ਟਾਪ 15 ਵਪਾਰਕ ਭਾਈਵਾਲਾਂ ਨਾਲ ਕਾਰੋਬਾਰ ’ਚ ਮਹੱਤਵਪੂਰਨ ਬਦਲਾਅ ਹੋਏ। ਇਸ ਨਾਲ ਜ਼ਿਆਦਾਤਰ ਸੈਕਟਰ ਦੀ ਦਰਾਮਦ ਤੇ ਬਰਾਮਦ ’ਚ ਕਮੀ ਜਾਂ ਇਜ਼ਾਫ਼ਾ ਦੇਖਣ ਨੂੰ ਮਿਲਿਆ ਹੈ।
ਇਸ ਦੌਰਾਨ ਚੀਨ ਨੂੰ ਬਰਾਮਦ ’ਚ 0.6 ਫ਼ੀਸਦੀ ਦੀ ਮਾਮੂਲੀ ਗਿਰਾਵਟ ਆਈ ਤੇ 16.66 ਅਰਬ ਡਾਲਰ ’ਤੇ ਆ ਗਈ। ਉਥੇ ਚੀਨ ਤੋਂ ਦਰਾਮਦ ’ਚ 44.7 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਤੇ ਇਹ 70.32 ਅਰਬ ਡਾਲਰ ਤੋਂ ਵੱਧ ਕੇ 101.75 ਅਰਬ ਡਾਲਰ ਹੋ ਗਈ।
ਭਾਰਤ ਦੀ ਬਰਾਮਦ ਤੇ ਦਰਾਮਦ ’ਚ ਵੱਡਾ ਅੰਤਰ ਹੋਣ ਕਾਰਨ ਚੀਨ ਨਾਲ ਵਪਾਰਕ ਘਾਟਾ ਵੀ ਵਧਿਆ ਹੈ। ਇਹ ਵਿੱਤੀ ਸਾਲ 2019 ’ਚ 53.57 ਅਰਬ ਡਾਲਰ ਸੀ, ਜੋ ਵਿੱਤੀ ਸਾਲ 2024 ਤੱਕ 85.09 ਅਰਬ ਡਾਲਰ ਪਹੁੰਚ ਗਿਆ। ਇਹ ਭਾਰਤ ਲਈ ਚਿੰਤਾ ਦੀ ਗੱਲ ਹੈ ਕਿਉਂਕਿ ਸਾਡੀ ਬਰਾਮਦ ਤਕਰੀਬਨ ਸਥਿਰ ਹੈ ਪਰ ਦਰਾਮਦ ’ਚ ਭਾਰੀ ਉਛਾਲ ਆਇਆ ਹੈ।
ਅਮਰੀਕਾ ਨੂੰ ਭਾਰਤ ਦੀ ਬਰਾਮਦ ਵਧੀ
ਚੀਨ ਦੇ ਉਲਟ ਅਮਰੀਕਾ ਦੇ ਨਾਲ ਭਾਰਤ ਦਾ ਵਪਾਰ ਚੰਗਾ ਚੱਲ ਰਿਹਾ ਹੈ। ਵਿੱਤੀ ਸਾਲ 2019 ਤੋਂ ਵਿੱਤੀ ਸਾਲ 2024 ਦਰਮਿਆਨ ਅਮਰੀਕੀ ਨੂੰ ਭਾਰਤ ਦੀ ਬਰਾਮਦ 47.9 ਫ਼ੀਸਦੀ ਵੱਧ ਕੇ 77.52 ਅਰਬ ਡਾਲਰ ਹੋ ਗਈ। ਉਥੇ ਅਮਰੀਕਾ ਤੋਂ ਦਰਾਮਦ ਵੀ 14.7 ਫ਼ੀਸਦੀ ਵੱਧ ਕੇ 40.78 ਅਰਬ ਡਾਲਰ ਹੋ ਗਈ। ਇਸ ਨਾਲ ਅਮਰੀਕਾ ਦੇ ਨਾਲ ਭਾਰਤ ਦਾ ਟਰੇਡ ਸਰਪਲੱਸ ਵੀ ਵਧਿਆ ਤੇ ਇਹ 16.86 ਅਰਬ ਡਾਲਰ ਤੋਂ ਵੱਧ ਕੇ 36.74 ਅਰਬ ਡਾਲਰ ਹੋ ਗਿਆ।
ਚੀਨ ਵੱਡਾ ਵਪਾਰਕ ਭਾਈਵਾਲ
ਵਪਾਰ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਚੀਨ 2013-14 ਤੋਂ 2017-18 ਤੱਕ ਤੇ 2020-21 ’ਚ ਭਾਰਤ ਦਾ ਮੁੱਖ ਵਪਾਰਕ ਸਹਿਯੋਗੀ ਸੀ। ਚੀਨ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇਸ਼ ਦਾ ਸਭ ਤੋਂ ਵੱਡਾ ਟਰੇਡ ਪਾਰਟਨਰ ਸੀ, ਉਥੇ, 2021-22 ਤੇ 2022-23 ’ਚ ਭਾਰਤ ਨੇ ਅਮਰੀਕਾ ਦੇ ਨਾਲ ਸਭ ਤੋਂ ਵੱਧ ਵਪਾਰ ਕੀਤਾ। 2023-24 ’ਚ, 83.6 ਅਰਬ ਡਾਲਰ ਦੇ ਨਾਲ ਸੰਯੁਕਤ ਅਰਬ ਅਮੀਰਾਤ, ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਇਸ ਤੋਂ ਬਾਅਦ ਰੂਸ (65.7 ਅਰਬ ਡਾਲਰ), ਸਾਊਦੀ ਅਰਬ (43.4 ਅਰਬ ਡਾਲਰ) ਤੇ ਸਿੰਗਾਪੁਰ (35.6 ਅਰਬ ਡਾਲਰ) ਦਾ ਸਥਾਨ ਰਿਹਾ।
ਕੀ ਹੁੰਦਾ ਹੈ ਵਪਾਰ ਘਾਟਾ?
ਵਪਾਰ ਘਾਟੇ ਦਾ ਮਤਲਬ ਹੈ ਕਿ ਕੋਈ ਵੀ ਦੇਸ਼ ਆਪਣੇ ਵਪਾਰਕ ਭਾਈਵਾਲ ਨੂੰ ਸਾਮਾਨ ਘੱਟ ਵੇਚ ਪਾ ਰਿਹਾ ਹੈ ਪਰ ਉਸ ਤੋਂ ਖ਼ਰੀਦ ਜ਼ਿਆਦਾ ਰਿਹਾ ਹੈ। ਜੇਕਰ ਕੋਈ ਆਪਣੇ ਵਪਾਰਕ ਭਾਈਵਾਲ ਤੋਂ 10 ਰੁਪਏ ਦਾ ਸਾਮਾਨ ਖ਼ਰੀਦ ਰਿਹਾ ਹੈ ਪਰ ਵੇਚ ਸਿਰਫ਼ 4 ਰੁਪਏ ਦਾ ਰਿਹਾ ਹੈ ਤਾਂ ਉਸ ਨੂੰ 6 ਰੁਪਏ ਦਾ ਵਪਾਰਕ ਘਾਟਾ ਹੋਵੇਗਾ। ਜਿਵੇਂ ਕਿ ਭਾਰਤ ਤੇ ਚੀਨ ਦੇ ਮਾਮਲੇ ’ਚ ਹੈ ਪਰ ਜੇਕਰ ਕੋਈ ਦੇਸ਼ ਸਾਮਾਨ ਵਧੇਰੇ ਵੇਚਦਾ ਹੈ ਪਰ ਆਪਣੇ ਟਰੇਡ ਪਾਰਟਨਰ ਤੋਂ ਖ਼ਰੀਦਦਾਰੀ ਘੱਟ ਕਰਦਾ ਹੈ ਤਾਂ ਉਸ ਦੇ ਨਜ਼ਰੀਏ ਨਾਲ ਇਸ ਨੂੰ ਵਪਾਰ ਸਰਪਲੱਸ ਕਹਿੰਦੇ ਹਨ। ਜਿਵੇਂ ਕਿ ਭਾਰਤ ਅਮਰੀਕਾ ਤੋਂ ਘੱਟ ਸਾਮਾਨ ਖ਼ਰੀਦ ਰਿਹਾ ਹੈ ਪਰ ਉਸ ਨੂੰ ਵੇਚ ਜ਼ਿਆਦਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।