3 ਵਾਰ ਲੈਂਡਿੰਗ ਫੇਲ੍ਹ ਹੋਣ ’ਤੇ ਇਕ ਘੰਟੇ ਤੱਕ ਹਵਾ ’ਚ ਚੱਕਰ ਲਾਉਂਦਾ ਰਿਹਾ ਜਹਾਜ਼, ਰੋਣ ਲੱਗੇ ਯਾਤਰੀ
Sunday, Mar 21, 2021 - 11:28 AM (IST)
ਜੈਸਲਮੇਰ— ਗੁਜਰਾਤ ਦੇ ਅਹਿਮਦਾਬਾਦ ਤੋਂ ਉਡਾਣ ਭਰ ਕੇ ਰਾਜਸਥਾਨ ਦੇ ਜੈਸਲਮੇਰ ਆਉਣ ਵਾਲਾ ਸਪਾਈਸ ਜੈੱਟ ਦਾ ਜਹਾਜ਼ ਸ਼ੁੱਕਰਵਾਰ ਨੂੰ ਤਕਨੀਕੀ ਕਾਰਨਾਂ ਤੋਂ ਆਪਣੇ ਸਮੇਂ ’ਤੇ ਲੈਂਡਿੰਗ ਨਹੀਂ ਕਰ ਸਕਿਆ। ਜਹਾਜ਼ ਜੈਸਲਮੇਰ ਹਵਾਈ ਅੱਡੇ ਦੇ ਰਨ ਵੇਅ ’ਤੇ ਲੈਂਡਿੰਗ ਨਹੀਂ ਕਰ ਸਕਿਆ। ਪਾਇਲਟ ਦੇ ਤਿੰਨ ਵਾਰ ਕੋਸ਼ਿਸ਼ ਦੇ ਬਾਵਜੂਦ ਵੀ ਜਹਾਜ਼ ਸਫ਼ਲ ਲੈਂਡਿੰਗ ਨਹੀਂ ਕਰ ਸਕਿਆ। ਜਹਾਜ਼ ਕਰੀਬ 1 ਘੰਟੇ ਤੱਕ ਹਵਾ ਵਿਚ ਚੱਕਰ ਲਾਉਂਦਾ ਰਿਹਾ, ਜਿਸ ਕਾਰਨ ਨਾਲ ਯਾਤਰੀ ਘਬਰਾ ਗਏ। ਅਜਿਹੀ ਸਥਿਤੀ ’ਚ ਕੁਝ ਯਾਤਰੀ ਰੋਣ ਲੱਗ ਪਏ। ਬਾਅਦ ਵਿਚ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲਿਜਾਇਆ ਗਿਆ ਅਤੇ ਉੱਥੇ ਸੁਰੱਖਿਅਤ ਉਤਰ ਜਾਣ ’ਤੇ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ। ਕਰੀਬ ਦੋ ਘੰਟੇ ਬਾਅਦ ਜਹਾਜ਼ ਨੂੰ ਦੂਜੇ ਪਾਇਲਟਾਂ ਜ਼ਰੀਏ ਜੈਸਲਮੇਰ ਭਿਜਵਾਇਆ ਗਿਆ ਅਤੇ ਜੈਸਲਮੇਰ ਪਹੁੰਚਿਆ।
ਜਹਾਜ਼ ’ਚ ਮੌਜੂਦ ਯਾਤਰੀ ਮਯੰਕ ਭਾਟੀਆ ਨੇ ਦੱਸਿਆ ਕਿ ਇਕ ਘੰਟੇ ਦੀ ਕੋਸ਼ਿਸ਼ ਦੇ ਬਾਵਜੂਦ ਜਦੋਂ ਜਹਾਜ਼ ਜੈਸਲਮੇਰ ਹਵਾਈ ਅੱਡੇ ’ਤੇ ਲੈਂਡਿੰਗ ਕਰਨ ’ਚ ਸਫ਼ਲ ਨਹੀਂ ਹੋਇਆ ਤਾਂ ਜਹਾਜ਼ ’ਚ ਬੈਠੇ ਯਾਤਰੀਆਂ ’ਚ ਕੁਝ ਯਾਤਰੀ ਬੀਬੀਆਂ ਰੋਣ ਲੱਗ ਪਈਆਂ। ਸਾਰਿਆਂ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਉਨ੍ਹਾਂ ਦੱਸਿਆ ਕਿ ਵਾਪਸ ਅਹਿਮਦਾਬਾਦ ਪਹੁੰਚਣ ਮਗਰੋਂ ਜਹਾਜ਼ ਸ਼ਾਮ 5 ਵਜੇ ਦੇ ਕਰੀਬ ਮੁੜ ਜੈਸਲਮੇਰ ਲਈ ਰਵਾਨਾ ਹੋਇਆ ਅਤੇ ਅਸੀਂ ਸੁਰੱਖਿਅਤ ਜੈਸਲਮੇਰ ਪਹੁੰਚ ਗਏ।
ਓਧਰ ਜੈਸਲਮੇਰ ਹਵਾਈ ਅੱਡਾ ਅਥਾਰਟੀ ਡਾਇਰੈਕਟਰ ਬੀ. ਐੱਸ. ਮੀਣਾ ਨੇ ਦੱਸਿਆ ਕਿ ਤਕੀਨੀਕ ਕਾਰਨਾਂ ਤੋਂ ਅਹਿਮਦਾਬਾਦ ਤੋਂ ਜੈਸਲਮੇਰ ਆਉਣ ਵਾਲੀ ਜਹਾਜ਼ ਸੇਵਾ ਆਪਣੇ ਨੀਅਤ ਸਮੇਂ ਦੁਪਹਿਰ 1 ਵਜੇ ਹਵਾਈ ਅੱਡੇ ’ਤੇ ਲੈਂਡਿੰਗ ਨਹੀਂ ਕਰ ਸਕੀ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਅਹਿਮਦਾਬਾਦ ਲਿਜਾਇਆ ਗਿਆ ਅਤੇ ਮੁੜ ਜੈਸਲਮੇਰ ਪਹੁੰਚਣ ’ਤੇ ਸ਼ਾਮ 5 ਵਜ ਕੇ 15 ਮਿੰਟ ’ਤੇ ਜਹਾਜ਼ ਜੈਸਲਮੇਰ ਹਵਾਈ ਅੱਡੇ ’ਤੇ ਉਤਰ ਸਕਿਆ। ਇਸ ਤੋਂ ਮਗਰੋਂ ਇਹ ਜਹਾਜ਼ ਜੈਸਲਮੇਰ ਤੋਂ ਅਹਿਮਦਾਬਾਦ ਜਾਣ ਵਾਲੇ ਯਾਤਰੀਆਂ ਨੂੰ ਲੈ ਕੇ ਸੁਰੱਖਿਆ ਰਵਾਨਾ ਹੋਇਆ।