ਬਦਲਦੇ ਮੌਸਮ ’ਚ ਵਧੇਗੀ ਗਲ਼ੇ ਦੀ ਖਰਾਸ਼, ਘਰ ’ਚ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਪਾਓ ਆਰਾਮ
Sunday, Nov 10, 2019 - 11:13 PM (IST)
ਨਵੀਂ ਦਿੱਲੀ (ਇੰਟ.)-ਸਰਦੀਆਂ ਦਾ ਮੌਸਮ ਸਿਹਤ ਦੇ ਲਿਹਾਜ਼ ਨਾਲ ਬਹੁਤ ਮੁਸ਼ਕਿਲ ਹੁੰਦਾ ਹੈ। ਮੌਸਮ ਬਦਲਦੇ ਹੀ ਬੀਮਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਖਾਸ ਕਰ ਕੇ ਬੱਚੇ ਇਸਦੀ ਲਪੇਟ ’ਚ ਜਲਦੀ ਆ ਜਾਂਦੇ ਹਨ। ਸਰਦੀ-ਜ਼ੁਕਾਮ ਦੇ ਨਾਲ ਹੀ ਗਲੇ ’ਚ ਖਰਾਸ਼ ਹੋਣਾ ਵੀ ਇਸ ਸੀਜ਼ਨ ਦੀ ਆਮ ਸਮੱਸਿਆ ਹੈ। ਆਓ, ਤੁਹਾਨੂੰ ਕੁਝ ਘਰੇਲੂ ਉਪਾਅ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਗਲਾ ਖਰਾਬ ਹੋਣ ਤੋਂ ਰਾਹਤ ਪਾ ਸਕਦੇ ਹੋ-
ਹਲਦੀ ਵਾਲਾ ਦੁੱਧ-ਅਕਸਰ ਹਲਦੀ ਵਾਲਾ ਦੁੱਧ ਤੁਸੀਂ ਦਾਦੀ-ਨਾਨੀ ਦਾ ਨੁਸਖਾ ਕਹਿ ਕੇ ਨਜ਼ਰਅੰਦਾਜ਼ ਕਰ ਦਿੰਦੇ ਹੋ ਪਰ ਇਸ ਨੁਸਖੇ ’ਚ ਵੱਡੇ-ਵੱਡੇ ਗੁਣ ਹਨ। ਸਰਦੀ-ਜ਼ੁਕਾਮ, ਬੁਖਾਰ ਅਤੇ ਗਲੇ ਦੀ ਖਰਾਸ਼ ’ਚ ਹਲਦੀ ਵਾਲਾ ਦੁੱਧ ਕਾਫੀ ਫਾਇਦੇਮੰਦ ਹੈ। ਇਸਦੇ ਐਂਟੀ-ਇਨਫਲਾਮੇਟਰੀ ਗੁਣ ਗਲੇ ’ਚ ਦਰਦ ਤੋਂ ਰਾਹਤ ਦਿੰਦੇ ਹਨ।
ਲੂਣ ਵਾਲਾ ਪਾਣੀ-ਗਲੇ ਦੀ ਖਰਾਸ਼ ਲਈ ਇਹ ਸਭ ਤੋਂ ਆਮ ਉਪਾਅ ਹੈ। ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦੇ ਦਰਦ ਅਤੇ ਖਰਾਸ਼ ਤੋਂ ਆਰਾਮ ਮਿਲਦਾ ਹੈ। ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨ ’ਤੇ ਗਲੇ ’ਚ ਮੌਜੂਦ ਫਲਿਊਡਜ਼ ਨੂੰ ਸੋਖ ਦਿੱਤਾ ਜਾਂਦਾ ਹੈ ਅਤੇ ਗਲੇ ਨੂੰ ਰਾਹਤ ਮਿਲਦੀ ਹੈ।
ਬੇਕਿੰਗ ਸੋਡਾ-ਲੂਣ ਦੀ ਥਾਂ ਤੁਸੀਂ ਪਾਣੀ ’ਚ ਹਲਕਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਵੀ ਗਰਾਰੇ ਕਰ ਸਕਦੇ ਹੋ। ਬੇਕਿੰਗ ਸੋਡਾ ਇਨਫੈਕਸ਼ਨ ਖਤਮ ਕਰਨ ’ਚ ਮਦਦ ਕਰਦਾ ਹੈ।
ਸ਼ਹਿਦ-ਸ਼ਹਿਦ ’ਚ ਚੰਗੀ ਸਿਹਤ ਦੇ ਕਈ ਗੁਣ ਲੁਕੇ ਹਨ। ਇਸਦੇ ਐਂਟੀਆਕਸੀਡੈਂਟ ਅਤੇ ਇਨਫਲਾਮੇਟਰੀ ਗੁਣ ਗਲੇ ਦੀ ਖਰਾਸ਼ ਤੋਂ ਆਰਾਮ ਦਿਵਾਉਂਦੇ ਹਨ। ਤੁਸੀਂ ਸ਼ਹਿਦ ਨੂੰ ਗਰਮ ਦੁੱਧ, ਗਰਮ ਸ਼ਿਕੰਜਵੀ ਨਾਲ ਲੈ ਸਕਦੇ ਹੋ।
ਮੇਥੀ-ਹਰੀਆਂ ਸਬਜ਼ੀਆਂ ਆਪਣੇ ਗੁਣਾਂ ਲਈ ਜਾਣੀਆਂ ਜਾਂਦੀਆਂ ਹਨ। ਮੇਥੀ ’ਚ ਐਂਟੀਮਾਈਕ੍ਰੋਬਲ ਗੁਣ ਹੁੰਦੇ ਹਨ ਜੋ ਗਲੇ ਨੂੰ ਆਰਾਮ ਦਿੰਦੇ ਹਨ। ਇਹ ਗਲੇ ਦੇ ਦਰਦ, ਸੋਜ ਅਤੇ ਇਰੀਟੇਸ਼ਨ ਤੋਂ ਵੀ ਰਾਹਤ ਦਿੰਦਾ ਹੈ।
ਲਸਣ-ਜੇਕਰ ਅਸੀਂ ਤੁਹਾਨੂੰ ਲਸਣ ਦੀਆਂ ਤੁਰੀਆਂ ਚਬਾਉਣ ਲਈ ਕਹੀਏ ਤਾਂ ਤੁਹਾਨੂੰ ਇਹ ਅਜੀਬ ਲੱਗ ਸਕਦਾ ਹੈ ਪਰ ਗਲੇ ਦੀ ਖਰਾਸ਼ ਅਤੇ ਹੋਰ ਕਈ ਤਰ੍ਹਾਂ ਦੇ ਇਨਫੈਕਸ਼ਨ ਨਾਲ ਲੜਨ ’ਚ ਲਸਣ ਦੀ ਵਰਤੋਂ ਕਾਫੀ ਮਦਦਗਾਰ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪ੍ਰਦੂਸ਼ਣ ਨਾਲ ਲੜਨ ’ਚ ਵੀ ਸਮਰੱਥ ਹੈ।