ਸੋਨੀਪਤ : ਜਾਇਦਾਦ ਵਿਵਾਦ ''ਚ ਸਾਬਕਾ ਫੌਜੀ ਨੇ ਬੇਟੇ ਦਾ ਕੀਤਾ ਕਤਲ

06/11/2020 8:19:51 PM

ਸੋਨੀਪਤ- ਹਰਿਆਣਾ 'ਚ ਸੋਨੀਪਤ ਦੇ ਜਾਹਰੀ ਪਿੰਡ 'ਚ ਇਕ ਰਿਟਾਇਰਡ ਫੌਜੀ ਨੇ ਜਾਇਦਾਦ ਦੀ ਵੰਡ ਨੂੰ ਲੈ ਕੇ ਕਹਾਸੁਣੀ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਬੇਟੇ ਦਾ ਕਤਲ ਕਰ ਦਿੱਤਾ। ਸਾਬਕਾ ਫੌਜੀ ਦੀ ਪਤਨੀ ਕਮਲੇਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੁੱਧਵਾਰ ਦੇਰ ਰਾਤ ਨੂੰ ਉਸ ਦੇ ਬੇਟੇ ਰਾਹੁਲ ਦੀ ਆਪਣੇ ਪਿਤਾ ਰਾਮਪਤ ਨਾਲ ਵੰਡ ਨੂੰ ਲੈ ਕੇ ਕਹਾਸੁਣੀ ਹੋ ਗਈ। ਜਿਸ 'ਤੇ ਉਸ ਦਾ ਪਤੀ ਗੁੱਸੇ ਨਾਲ ਅੰਦਰੋਂ ਤੇਜ਼ਧਾਰ ਹਥਿਆਰ ਲੈ ਆਇਆ ਅਤੇ ਰਾਹੁਲ 'ਤੇ ਵਾਰ ਕਰ ਦਿੱਤਾ। ਰਾਹੁਲ ਨੇ ਬਚਾਅ ਲਈ ਆਪਣਾ ਖੱਬਾ ਹੱਥ ਅੱਗੇ ਕੀਤਾ ਤਾਂ ਹਥਿਆਰ ਦੇ ਵਾਰ ਨਾਲ ਹੱਥ ਕੱਟ ਕੇ ਦੂਰ ਜਾ ਡਿੱਗਾ। ਉਸ ਦਾ ਪਤੀ ਫਿਰ ਵੀ ਨਹੀਂ ਰੁਕਿਆ ਅਤੇ ਉਸ ਤੋਂ ਬਾਅਦ ਰਾਹੁਲ ਦੀ ਗਰਦਨ 'ਤੇ ਵਾਰ ਕਰ ਦਿੱਤਾ। ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਿਆ। ਉਸ ਦੇ ਡਿੱਗਣ ਤੋਂ ਬਾਅਦ ਕਈ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਰਾਹੁਲ ਦੇ ਕਤਲ ਨਾਲ ਘਰ 'ਚ ਕੋਹਰਾਮ ਮਚ ਗਿਆ। ਵਾਰਦਾਤ ਨੂੰ ਅੰਜਾਮ ਦੇ ਕੇ ਉਹ ਫਰਾਰ ਹੋ ਗਿਆ।

ਕਮਲੇਸ਼ ਨੇ ਤੁਰੰਤ ਪੁਲਸ ਕੰਟਰੋਲ ਰੂਮ 'ਚ ਫੋਨ ਕਰ ਕੇ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ। ਨਾਲ ਹੀ ਪੁਲਸ ਨੇ ਕਮਲੇਸ਼ ਦੇ ਬਿਆਨ 'ਤੇ ਉਸ ਦੇ ਪਤੀ ਰਾਮਪਤ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੇ ਵੀਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਸ ਨੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਦੋਸ਼ੀ ਰਾਮਪਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਵੀਰਵਾਰ ਨੂੰ ਕੋਰਟ 'ਚ ਪੇਸ਼ ਕਰ ਕੇ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਰਾਹੁਲ ਰਾਮਪਤ ਦਾ ਸਭ ਤੋਂ ਛੋਟਾ ਬੇਟਾ ਸੀ। ਰਾਹੁਲ ਤੋਂ ਵੱਡੀਆਂ 2 ਭੈਣਾਂ ਮੰਜੂ ਅਤੇ ਰੇਨੂੰ ਅਤੇ ਇਕ ਭਰਾ ਵਿਕਾਸ ਹੈ। ਉਹ ਸਾਰੇ ਵਿਆਹੇ ਹੋਏ ਹਨ। ਰਾਹੁਲ ਆਪਣੀ ਮਾਂ ਨਾਲ ਪਿਤਾ ਅਤੇ ਭਰਾ ਤੋਂ ਵੱਖ ਰਹਿ ਰਿਹਾ ਸੀ।


DIsha

Content Editor

Related News