ਹਿਮਾਚਲ : ਅਟਲ ਟਨਲ ਸਮੇਤ ਕਈ ਥਾਈਂ ਬਰਫ ਦੇ ਤੋਦੇ ਡਿੱਗੇ ਅਤੇ ਬਰਫਬਾਰੀ

Thursday, Apr 22, 2021 - 11:36 AM (IST)

ਹਿਮਾਚਲ : ਅਟਲ ਟਨਲ ਸਮੇਤ ਕਈ ਥਾਈਂ ਬਰਫ ਦੇ ਤੋਦੇ ਡਿੱਗੇ ਅਤੇ ਬਰਫਬਾਰੀ

ਮਨਾਲੀ– ਤਾਜ਼ਾ ਬਰਫਬਾਰੀ ਕਾਰਣ ਅਟਲ ਟਨਲ ਰੋਹਤਾਂਗ ਦੇ ਨਾਰਥ ਪੋਰਟਲ ਸਮੇਤ ਜਗ੍ਹਾ-ਜਗ੍ਹਾ ਬਰਫ ਦੇ ਤੋਦੇ ਡਿੱਗ ਰਹੇ ਹਨ। ਬੁੱਧਵਾਰ ਦੁਪਹਿਰ ਬਾਅਦ ਅਟਲ ਟਨਲ ਦੇ ਨਾਰਥ ਪੋਰਟਲ ਤੋਂ ਲੈ ਕੇ ਸਿੱਸੂ ਤੱਕ 3 ਜਗ੍ਹਾ ਬਰਫ ਦੇ ਤੋਦੇ ਡਿੱਗੇ।

ਓਧਰ ਮਨਾਲੀ-ਲੇਹ ਮਾਰਗ ’ਤੇ ਬਾਰਾਲਾਚਾ ਦੱਰੇ ਵਿਚ 30 ਟਰੱਕ ਫਸ ਗਏ ਹਨ। ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਦੀ ਮਦਦ ਨਾਲ ਲਾਹੌਲ-ਸਪੀਤੀ ਪੁਲਸ ਨੇ ਮੰਗਲਵਾਰ ਨੂੰ ਦਾਰਚਾ ਵਿਚ ਫਸੇ 147 ਟਰੱਕਾਂ ਨੂੰ ਬਾਰਾਲਾਚਾ ਦੱਰੇ ਦੇ ਪਾਰ ਸਰਚੂ ਪਹੁੰਚਾ ਦਿੱਤਾ ਸੀ ਅਤੇ ਦੇਰ ਰਾਤ ਤੱਕ ਰੈਸਕਿਊ ਆਪ੍ਰੇਸ਼ਨ ਜਾਰੀ ਸੀ। ਭਾਰੀ ਬਰਫਬਾਰੀ ਨਾਲ ਰੈਸਕਿਊ ਆਪ੍ਰੇਸ਼ਨ ਵੀ ਪ੍ਰਭਾਵਿਤ ਹੋਇਆ ਹੈ।

ਅਪ੍ਰੈਲ-ਮਈ ਵਿਚ ਬਾਰਾਲਾਚਾ ਅਤੇ ਰੋਹਤਾਂਗ ਵਿਚ ਬਰਫਬਾਰੀ ਹੋਣਾ ਆਮ ਗੱਲ ਹੈ। ਬੀ. ਆਰ. ਓ. ਕਮਾਂਡਰ ਕਰਨਲ ਉਮਾ ਸ਼ੰਕਰ ਨੇ ਦੱਸਿਆ ਕਿ ਜਵਾਨਾਂ ਨੇ ਅੱਧੀ ਰਾਤ ਨੂੰ ਮਾਈਨਸ ਡਿਗਰੀ ਵਿਚ ਕੰਮ ਕਰ ਕੇ ਆਪਣੀ ਜਾਨ ਜੋਖਿਮ ਵਿਚ ਪਾਉਂਦੇ ਹੋਏ ਸੈਂਕੜੇ ਵਾਹਨ ਚਾਲਕਾਂ ਨੂੰ ਸੁਰੱਖਿਅਤ ਬਾਰਾਲਾਚਾ ਦੱਰੇ ਦੇ ਆਰ-ਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਰਾਲਾਚਾ ਦੱਰੇ ਵਿਚ 3 ਫੁੱਟ ਤੋਂ ਵਧ ਬਰਫ ਪੈ ਚੁੱਕੀ ਹੈ। ਓਧਰ ਮੰਡੀ ਵਿਚ ਬੁੱਧਵਾਰ ਨੂੰ ਦਿਨ ਭਰ ਧੁੱਪ ਦੇ ਨਾਲ ਵਾਰ-ਵਾਰ ਮੀਂਹ ਦੀਆਂ ਕਣੀਆਂ ਡਿੱਗਦੀਆਂ ਰਹੀਆਂ, ਜਿਸ ਨਾਲ ਗੰਦਮ ਕਟਾਈ ਪ੍ਰਭਾਵਿਤ ਹੋਈ। ਸ਼ਹਿਰ ਵਿਚ ਕੁਝ ਦੇਰ ਲਈ ਧੁੱਪ ਹਨੇਰਾ ਛਾ ਗਿਆ ਅਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਲਾ ਕੇ ਚੱਲਣਾ ਪਿਆ।


author

Rakesh

Content Editor

Related News