100 ਤੋਂ ਵੱਧ ਕੁੜੀਆਂ ਨਾਲ ਜਬਰ ਜ਼ਿਨਾਹ ਦੇ ਮਾਮਲੇ 'ਚ ਦੋਸ਼ੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ
Tuesday, Aug 20, 2024 - 05:46 PM (IST)
ਜੈਪੁਰ (ਵਾਰਤਾ)- ਅਜਮੇਰ ਦੀ ਇਕ ਵਿਸ਼ੇਸ਼ ਅਦਾਲਤ ਨੇ 1992 ਦੇ ਬਹੁਚਰਚਿਤ ਬਲੈਕਮੇਲ ਅਤੇ ਜਬਰ ਜ਼ਿਨਾਹ ਕਾਂਡ ਮਾਮਲੇ 'ਚ 6 ਬਾਕੀ ਆਰੋਪੀਆਂ ਨੂੰ ਦੋਸ਼ੀ ਮੰਨਦੇ ਹੋਏ ਮੰਗਲਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਬਹੁਚਰਚਿਤ ਕਾਂਡ 'ਚ ਅਜਮੇਰ ਸ਼ਹਿਰ ਦੀਆਂ 100 ਤੋਂ ਵੱਧ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਸਤਗਾਸਾ ਪੱਖ ਦੇ ਵਕੀਲ ਵੀਰੇਂਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੁਣਵਾਈ ਪੋਕਸੋ ਕੋਰਟ 'ਚ ਹੋ ਰਹੀ ਸੀ। ਜੱਜ ਰੰਜਨ ਸਿੰਘ ਨੇ 6 ਆਰੋਪੀਆਂ ਨੂੰ ਅਪਰਾਧ 'ਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਇਆ ਅਤੇ ਫ਼ੈਸਲਾ ਸੁਣਾਇਆ। ਉਨ੍ਹਾਂ ਕਿਹਾ ਕਿ ਅਦਾਲਤ ਨੇ ਨਫੀਸ ਚਿਸ਼ਤੀ, ਨਸੀਮ ਉਰਫ਼ ਟਾਰਜਨ, ਸਲੀਮ ਚਿਸ਼ਤੀ, ਇਕਬਾਲ ਭਾਟੀ, ਸੋਹੇਲ ਗਨੀ ਅਤੇ ਸਈਅਦ ਜ਼ਮੀਰ ਹੁਸੈਨ ਸਮੇਤ ਹਰੇਕ ਦੋਸ਼ੀ 'ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਕ ਦੋਸ਼ੀ ਇਕਬਾਲ ਭਾਟੀ ਨੂੰ ਅਦਾਲਤ 'ਚ ਪੇਸ਼ ਹੋਣ ਲਈ ਐਂਬੂਲੈਂਸ 'ਚ ਦਿੱਲੀ ਤੋਂ ਅਜਮੇਰ ਲਿਆਂਦਾ ਗਿਆ ਸੀ।
ਦੱਸਣਯੋਗ ਹੈ ਕਿ 1992 ਦੇ ਇਸ ਬਹੁਚਰਚਿਤ ਮਾਮਲੇ 'ਚ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਸੀ। ਪੁਲਸ ਅਨੁਸਾਰ ਇਨ੍ਹਾਂ ਤਸਵੀਰਾਂ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ 100 ਤੋਂ ਵੱਧ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਮਾਮਲੇ 'ਚ ਅਜਮੇਰ ਦੇ ਇਕ ਮਸ਼ਹੂਰ ਨਿੱਜੀ ਸਕੂਲ 'ਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਫਾਰਮ ਹਾਊਸ 'ਚ ਬੁਲਾਇਆ ਜਾਂਦਾ ਸੀ, ਜਿੱਥੇ ਉਨ੍ਹਾਂ ਨਾਲ ਜਬਰ ਜ਼ਿਨਾਹ ਕੀਤਾ ਜਾਂਦਾ। ਪੀੜਤ ਕੁੜੀਆਂ ਦੀ ਉਮਰ 11 ਤੋਂ 20 ਸਾਲ ਦਰਮਿਆਨ ਸੀ। ਇਸ ਮਾਮਲੇ 'ਚ ਕੁੱਲ 18 ਲੋਕ ਦੋਸ਼ੀ ਸਨ। ਇਨ੍ਹਾਂ 'ਚੋਂ 6 ਦੋਸ਼ੀਆਂ 'ਤੇ ਵੱਖ ਤੋਂ ਮੁਕੱਦਮਾ ਚੱਲ ਰਿਹਾ ਹੈ, ਜਦੋਂ ਕਿ ਬਾਕੀ ਦੋਸ਼ੀ ਜਾਂ ਤਾਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਜਾਂ ਫਿਰ ਅਦਾਲਤ ਤੋਂ ਬਰੀ ਹੋ ਚੁੱਕੇ ਹਨ। ਇਨ੍ਹਾਂ 'ਚੋਂ ਕੁਝ 'ਤੇ ਵੱਖ ਤੋਂ ਵੀ ਮਾਮਲੇ ਚੱਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8