ਸਿਡਨੀ ਦੇ ਤਾਈਕਵਾਂਡੋ ਟ੍ਰੇਨਰ ਨੂੰ ਤੀਹਰੇ ਕਤਲ ਮਾਮਲੇ ''ਚ ਉਮਰ ਕੈਦ; ਜੱਜ ਨੇ ਕਿਹਾ- ਕਦੇ ਨਹੀਂ ਮਿਲੇਗੀ ਪੈਰੋਲ
Tuesday, Dec 16, 2025 - 05:53 PM (IST)
ਸਿਡਨੀ (ਏਪੀ): ਆਸਟ੍ਰੇਲੀਆ ਦੀ ਇੱਕ ਅਦਾਲਤ ਨੇ ਸਿਡਨੀ ਦੇ ਤਾਈਕਵਾਂਡੋ ਸਿਖਲਾਈ ਦੇਣ ਵਾਲੇ ਨੂੰ ਆਪਣੇ ਸੱਤ ਸਾਲਾ ਵਿਦਿਆਰਥੀ ਅਤੇ ਉਸਦੇ ਮਾਤਾ-ਪਿਤਾ ਦੀ ਹੱਤਿਆ ਦੇ ਦੋਸ਼ ਵਿੱਚ ਮੰਗਲਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਜਸਟਿਸ ਇਆਨ ਹੈਰਿਸਨ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ 51 ਸਾਲਾ ਦੋਸ਼ੀ ਕਵਾਂਗ ਕਯੂੰਗ ਯੂ ਨੂੰ ਕਦੇ ਵੀ ਪੈਰੋਲ ਨਹੀਂ ਮਿਲੇਗੀ। ਜੱਜ ਹੈਰਿਸਨ ਨੇ ਦੱਸਿਆ ਕਿ ਯੂ ਨੇ ਇਹ ਕਦਮ ਬੱਚੇ ਦੇ ਪਰਿਵਾਰ ਦੀ ਆਰਥਿਕ ਸਫਲਤਾ ਪ੍ਰਤੀ ਮਹਿਸੂਸ ਕੀਤੀ ਈਰਖਾ (ਜੈਲਸੀ) ਕਾਰਨ ਚੁੱਕਿਆ। ਜੱਜ ਨੇ ਆਪਣੇ ਫੈਸਲੇ 'ਚ ਕਿਹਾ ਕਿ ਅਪਰਾਧਾਂ ਦੀ ਗੰਭੀਰਤਾ ਇੰਨੀ ਜ਼ਿਆਦਾ ਸੀ ਕਿ ਭਾਈਚਾਰੇ ਦੀ ਸੁਰੱਖਿਆ ਤੇ ਸਜ਼ਾ ਦੇ ਲਿਹਾਜ਼ ਨਾਲ ਸਿਰਫ ਉਮਰ ਕੈਦ ਦੀ ਸਜ਼ਾ ਦੇ ਕੇ ਹੀ ਨਿਆਂ ਕੀਤਾ ਜਾ ਸਕਦਾ ਹੈ। ਇਹ ਹੱਤਿਆਵਾਂ ਪਿਛਲੇ ਸਾਲ ਫਰਵਰੀ ਵਿੱਚ ਕੀਤੀਆਂ ਗਈਆਂ ਸਨ। ਯੂ ਅਤੇ ਸਾਰੇ ਪੀੜਤ ਦੱਖਣੀ ਕੋਰੀਆ ਵਿੱਚ ਪੈਦਾ ਹੋਏ ਸਨ।
ਯੂ ਨੇ ਪੱਛਮੀ ਸਿਡਨੀ ਸਥਿਤ ਆਪਣੀ ਲਾਇਨਜ਼ ਤਾਈਕਵਾਂਡੋ ਅਤੇ ਮਾਰਸ਼ਲ ਆਰਟਸ ਅਕੈਡਮੀ ਵਿੱਚ ਪਹਿਲਾਂ ਬੱਚੇ ਦੀ 41 ਸਾਲਾ ਮਾਂ ਤੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਕਤਲ ਦੇ ਸਮੇਂ ਯੂ 'ਤੇ ਹਜ਼ਾਰਾਂ ਡਾਲਰ ਦਾ ਕਰਜ਼ਾ ਸੀ ਅਤੇ ਅਕੈਡਮੀ ਦਾ ਕਿਰਾਇਆ ਵੀ ਬਕਾਇਆ ਸੀ। ਹੱਤਿਆ ਤੋਂ ਬਾਅਦ, ਯੂ ਨੇ ਮਾਂ ਦੀ ਐਪਲ ਵਾਚ ਚੋਰੀ ਕਰ ਲਈ ਅਤੇ ਉਨ੍ਹਾਂ ਦੀ ਲਗਜ਼ਰੀ ਬੀਐੱਮਡਬਲਿਊ ਕਾਰ ਵਰਤ ਕੇ ਪਰਿਵਾਰ ਦੇ ਘਰ ਗਿਆ, ਜਿੱਥੇ ਉਸਨੇ 39 ਸਾਲਾ ਪਿਤਾ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਯੂ ਨੇ ਅਦਾਲਤ ਵਿੱਚ ਪਿਛਲੀ ਪੇਸ਼ੀ ਦੌਰਾਨ ਤਿੰਨੋਂ ਕਤਲਾਂ ਦਾ ਜੁਰਮ ਕਬੂਲ ਕਰ ਲਿਆ ਸੀ। ਜੱਜ ਨੇ ਇਹ ਵੀ ਦੱਸਿਆ ਕਿ ਯੂ ਬਚਪਨ ਤੋਂ ਹੀ ਆਪਣੇ ਮਾਤਾ-ਪਿਤਾ ਤੇ ਦੱਖਣੀ ਕੋਰੀਆਈ ਸਭਿਆਚਾਰ ਤੋਂ ਸਫਲਤਾ ਦੇ ਪੱਧਰ ਬਾਰੇ ਅਣਉਚਿਤ ਉਮੀਦਾਂ ਦੇ ਬੋਝ ਹੇਠ ਦੱਬਿਆ ਹੋਇਆ ਸੀ।
