LOC ’ਤੇ ਬੰਦੂਕਾਂ ਦੀ ਖਾਮੋਸ਼ੀ ਨੇ ਬਦਲੀ ਜ਼ਿੰਦਗੀ, ਕਸ਼ਮੀਰ ਦੇ ਪਿੰਡਾਂ ’ਚ ਲੋਕ ਘਰਾਂ ’ਚ ਰੱਖ ਰਹੇ ਵਿਆਹ ਸਮਾਗਮ

Saturday, Oct 08, 2022 - 09:46 AM (IST)

LOC ’ਤੇ ਬੰਦੂਕਾਂ ਦੀ ਖਾਮੋਸ਼ੀ ਨੇ ਬਦਲੀ ਜ਼ਿੰਦਗੀ, ਕਸ਼ਮੀਰ ਦੇ ਪਿੰਡਾਂ ’ਚ ਲੋਕ ਘਰਾਂ ’ਚ ਰੱਖ ਰਹੇ ਵਿਆਹ ਸਮਾਗਮ

ਜਲੰਧਰ/ਜੰਮੂ (ਨੈਸ਼ਨਲ ਡੈਸਕ)- 2021 ਤੋਂ ਕਸ਼ਮੀਰ ਵਿਚ ਕੰਟਰੋਲ ਰੇਖਾ (ਐੱਲ.ਓ.ਸੀ.) ’ਤੇ ਭਾਰਤ-ਪਾਕਿ ਫ਼ੌਜਾਂ ਵਿਚਾਲੇ ਜੰਗਬੰਦੀ ਅਤੇ ਬੰਦੂਕਾਂ ਦੀ ਖਾਮੋਸ਼ੀ ਨੇ ਸਰਹੱਦ ਨੇੜੇ ਰਹਿਣ ਵਾਲਿਆਂ ਦੇ ਵਿਆਹਾਂ ਦੀਆਂ ਪੁਰਾਣੀਆਂ ਯਾਦਾਂ ਵਾਪਸ ਲਿਆ ਦਿੱਤੀਆਂ ਹਨ ਕਿਉਂਕਿ ਉਹ ਹੁਣ ਸਮਾਗਮਾਂ ਦਾ ਆਯੋਜਨ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰਨ ਦੀ ਬਜਾਏ, ਆਪਣੇ ਘਰਾਂ ’ਚ ਕਰ ਸਕਦੇ ਹਨ। ਇਕ ਸਥਾਨਕ ਮੀਡੀਆ ਰਿਪੋਰਟ ਅਨੁਸਾਰ, ਇਸ ਸਾਲ ਹੁਣ ਤਕ ਉੱਤਰੀ ਕਸ਼ਮੀਰ ’ਚ ਐੱਲ.ਓ.ਸੀ. ਦੇ ਨਾਲ ਕੇਰਨ, ਮਾਛਿਲ, ਬਾਂਗਸ, ਤੰਗਧਾਰ, ਗੁਰੇਜ਼ ਅਤੇ ਉੜੀ ਸੈਕਟਰਾਂ ’ਚ ਘੱਟੋ ਘੱਟ 250 ਵਿਆਹ ਸਮਾਗਮ ਹੋਏ ਹਨ। ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦਰਮਿਆਨ 2003 ਦਾ ਜੰਗਬੰਦੀ ਸਮਝੌਤਾ ਦੁਹਰਾਉਣ ਕਾਰਨ ਕੰਟਰੋਲ ਰੇਖਾ ’ਤੇ ਗੋਲੀਆਂ ਅਤੇ ਮੋਰਟਾਰ ਗੋਲਾਬਾਰੀ ਦੀ ਕਮੀ ’ਚ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਜਿਊਣਾ ਸ਼ੁਰੂ ਕਰ ਰਹੇ ਹਨ ਅਤੇ ਭਵਿੱਖ ਬਾਰੇ ਆਸਵੰਦ ਮਹਿਸੂਸ ਕਰ ਰਹੇ ਹਨ।

ਬੰਕਰਾਂ ’ਚ ਕੱਟਣਾ ਪੈਂਦਾ ਸੀ ਦਿਨ

ਲੋਕ ਦੱਸਦੇ ਹਨ ਕਿ ਇਕ ਸਮਾਂ ਸੀ ਜਦੋਂ ਅਸੀਂ ਐੱਲ. ਓ. ਸੀ. ਦੇ ਪਾਰੋਂ ਲਗਾਤਾਰ ਗੋਲਾਬਾਰੀ ਤੋਂ ਖੁਦ ਨੂੰ ਬਚਾਉਣ ਲਈ ਜ਼ਮੀਨਦੋਜ਼ ਬੰਕਰਾਂ ’ਚ ਦਿਨ ਕੱਟਣਾ ਪੈਂਦਾ ਸੀ। ਕੁਪਵਾੜਾ ਜ਼ਿਲੇ ਦੇ ਤੰਗਧਾਰ ਦੇ ਰਹਿਣ ਵਾਲੇ ਇਰਸ਼ਾਦ ਅਹਿਮਦ ਦਾ ਕਹਿਣਾ ਹੈ ਕਿ ਉਨ੍ਹਾਂ ਦਿਨਾਂ ’ਚ ਜਿਊਂਦੇ ਰਹਿਣਾ ਵੀ ਮੁਸ਼ਕਿਲ ਸੀ ਅਤੇ ਵਿਆਹ ਸਮਾਗਮਾਂ ਦਾ ਆਯੋਜਨ ਕਰਨਾ ਅਸੰਭਵ ਸੀ। ਅਹਿਮਦ, ਜਿਸ ਦੇ ਭਰਾ ਦਾ ਹਾਲ ਹੀ ’ਚ ਵਿਆਹ ਹੋਇਆ ਹੈ, ਨੇ ਕਿਹਾ ਕਿ ਵਿਆਹ ’ਚ ਲਗਭਗ 200 ਮਹਿਮਾਨ ਸ਼ਾਮਲ ਹੋਏ ਸਨ। ਚਾਰੇ ਪਾਸੇ ਤਿਉਹਾਰ ਵਰਗਾ ਮਾਹੌਲ ਸੀ, ਜਦੋਂ ਕਿ ਪਿਛਲੇ ਸਾਲਾਂ ’ਚ ਅਸੀਂ ਸਿਰਫ਼ ਸੋਗ ਹੀ ਦੇਖਿਆ ਸੀ, ਕਿਉਂਕਿ ਗੋਲਾਬਾਰੀ ’ਚ ਦਰਜਨਾਂ ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ।

ਇਹ ਵੀ ਪੜ੍ਹੋ : ਸਾਬਕਾ ਫ਼ੌਜੀ ਦੀ ਪਤਨੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਭੇਟ ਕੀਤੀਆਂ ਪਤੀ ਵਲੋਂ ਲਿਖੀਆਂ ਕਿਤਾਬਾਂ

ਦੋਹਾਂ ਦੇਸ਼ਾਂ ਦੀ ਦੁਸ਼ਮਣੀ ਲੋਕਾਂ ’ਤੇ ਸੀ ਭਾਰੂ

ਲੋਕ ਕਹਿੰਦੇ ਹਨ ਕਿ ਅਸੀਂ ਆਸ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਜੰਗਬੰਦੀ ਇਕ ਸਥਾਈ ਵਿਸ਼ੇਸ਼ਤਾ ਬਣ ਜਾਵੇ, ਕਿਉਂਕਿ ਸਰਹੱਦੀ ਵਸਨੀਕ ਸਭ ਤੋਂ ਵੱਧ ਪੀੜਤ ਹਨ। ਉੱਤਰੀ ਕਸ਼ਮੀਰ ਦੇ ਤਿੰਨ ਜ਼ਿਲੇ ਬਾਂਦੀਪੋਰਾ, ਬਾਰਾਮੂਲਾ ਅਤੇ ਕੁਪਵਾੜਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨਾਲ ਐੱਲ. ਓ. ਸੀ. ਸਾਂਝੀ ਕਰਦੇ ਹਨ ਅਤੇ ਇਨ੍ਹਾਂ ਜ਼ਿਲਿਆਂ ’ਚ ਐੱਲ. ਓ. ਸੀ. ਦੇ ਲਾਗੇ ਰਹਿਣ ਵਾਲੇ ਹਜ਼ਾਰਾਂ ਲੋਕ ਭਾਰਤ-ਪਾਕਿ ਦੁਸ਼ਮਣੀ ਤੋਂ ਪੀੜਤ ਸਨ। ਉੜੀ ਨਿਵਾਸੀ ਗੁਲ ਜ਼ਮਾਂ ਖਾਨ ਨੇ ਦੱਸਿਆ ਕਿ ਸਾਡੇ ਘਰ ਵਿਆਹ ਸਮਾਗਮ ਕਰਵਾਉਣਾ ਤਾਂ ਦੂਰ ਦੀ ਗੱਲ, ਅੰਤਿਮ ਸੰਸਕਾਰ ਦੌਰਾਨ ਵੀ ਗੋਲੀਬਾਰੀ ’ਚ ਫਸਣ ਦਾ ਡਰ ਬਣਿਆ ਰਹਿੰਦਾ ਸੀ ਪਰ ਹੁਣ ਹਾਲਾਤ ਸੁਧਰ ਗਏ ਹਨ ਅਤੇ ਅਸੀਂ ਖੁਸ਼ ਹਾਂ ਕਿ ਸਾਡੇ ਪਿੰਡਾਂ ’ਚ ਵਿਆਹਾਂ ਦੇ ਪ੍ਰੋਗਰਾਮ ਹੋ ਰਹੇ ਹਨ।

ਜੰਗਬੰਦੀ ਉਲੰਘਣਾ ਦੀਆਂ 5,100 ਘਟਨਾਵਾਂ

ਸਾਲ 2020 ’ਚ ਜੰਗਬੰਦੀ ਉਲੰਘਣਾ ਦੀਆਂ 5,100 ਘਟਨਾਵਾਂ ਹੋਈਆਂ, ਜੋ 2003 ਤੋਂ ਬਾਅਦ ਹੁਣ ਤਕ ਸਭ ਤੋਂ ਵੱਧ ਸਨ। 2020 ’ਚ 36 ਲੋਕ ਮਾਰੇ ਗਏ ਅਤੇ 130 ਹੋਰ ਜ਼ਖਮੀ ਹੋਏ ਸਨ। ਜੰਗਬੰਦੀ ਦੀ ਉਲੰਘਣਾ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਸਨ। ਸਰਹੱਦ ਦੇ ਦੋਵੇਂ ਪਾਸੇ ਬੰਦੂਕਾਂ ਅਤੇ ਭਾਰੀ ਤੋਪਾਂ ਖਾਮੋਸ਼ ਹੋ ਗਈਆਂ ਹਨ, ਜਿਸ ਨਾਲ ਨਿਵਾਸੀਆਂ ਨੂੰ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਜਲਦੀ ਹੀ ਐੱਲ. ਓ. ਸੀ. ਦੇ ਪਾਰ ਯਾਤਰਾ, ਸੈਰ-ਸਪਾਟਾ ਅਤੇ ਖਾਸ ਤੌਰ ’ਤੇ ਮਸ਼ਹੂਰ ਸ਼੍ਰੀਨਗਰ-ਮੁਜ਼ੱਫਰਾਬਾਦ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News