ਸਿੱਕਮ ਟਨਲ ਹਾਦਸਾ: 13 ਮਜ਼ਦੂਰਾਂ ਦੀ ਮੌਤ, ਜ਼ਹਿਰੀਲੀ ਗੈਸ ਦੇ ਵਿਚਕਾਰ 25 ਲਾਪਤਾ ਲੋਕਾਂ ਦੀ ਭਾਲ ਜਾਰੀ

Wednesday, Jul 22, 2026 - 12:29 AM (IST)

ਸਿੱਕਮ ਟਨਲ ਹਾਦਸਾ: 13 ਮਜ਼ਦੂਰਾਂ ਦੀ ਮੌਤ, ਜ਼ਹਿਰੀਲੀ ਗੈਸ ਦੇ ਵਿਚਕਾਰ 25 ਲਾਪਤਾ ਲੋਕਾਂ ਦੀ ਭਾਲ ਜਾਰੀ

ਨਾਮਚੀ/ਗੰਗਟੋਕ : ਸਿੱਕਮ ਦੇ ਨਾਮਚੀ ਜ਼ਿਲ੍ਹੇ ਵਿੱਚ ਐਨ.ਐਚ.ਪੀ.ਸੀ. (NHPC) ਤੀਸਤਾ ਸਟੇਜ-6 ਜਲ ਬਿਜਲੀ ਪ੍ਰੋਜੈਕਟ ਦੀ ਨਿਰਮਾਣ ਅਧੀਨ ਸੁਰੰਗ ਵਿੱਚ ਹੋਏ ਭਿਆਨਕ ਲੈਂਡਸਲਾਈਡ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਦੂਜੇ ਦਿਨ ਵੀ ਜਾਰੀ ਹਨ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 13 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 25 ਮਜ਼ਦੂਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਅਧਿਕਾਰੀਆਂ ਅਨੁਸਾਰ, ਸੁਰੰਗ ਦੇ ਅੰਦਰ ਲਗਭਗ 1.5 ਕਿਲੋਮੀਟਰ ਦੀ ਦੂਰੀ 'ਤੇ ਕੁਦਰਤੀ ਤੌਰ 'ਤੇ ਮੀਥੇਨ ਗੈਸ ਜਮ੍ਹਾਂ ਹੋ ਗਈ ਸੀ। ਇਸ ਗੈਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਲੈਂਡਸਲਾਈਡ ਹੋ ਗਿਆ ਅਤੇ ਸੁਰੰਗ ਦਾ ਇੱਕ ਹਿੱਸਾ ਮਲਬੇ ਨਾਲ ਬੰਦ ਹੋ ਗਿਆ। ਹਾਦਸੇ ਦੇ ਤੁਰੰਤ ਬਾਅਦ ਕੁਝ ਮਜ਼ਦੂਰ ਬਾਹਰ ਨਿਕਲਣ ਵਿੱਚ ਸਫਲ ਰਹੇ, ਪਰ ਕਈ ਅੰਦਰ ਹੀ ਫਸ ਗਏ।

ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਤੱਕ ਪਹੁੰਚਣਾ ਬੇਹੱਦ ਮੁਸ਼ਕਲ ਹੋ ਰਿਹਾ ਹੈ। ਸੁਰੰਗ ਵਿੱਚ ਜਮ੍ਹਾਂ ਮੀਥੇਨ ਗੈਸ, ਆਕਸੀਜਨ ਦੀ ਭਾਰੀ ਕਮੀ ਅਤੇ ਬਹੁਤ ਘੱਟ ਰੋਸ਼ਨੀ ਕਾਰਨ ਬਚਾਅ ਕਰਮੀਆਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸ਼ੁਰੂਆਤੀ ਬਚਾਅ ਕਾਰਜਾਂ ਦੌਰਾਨ ਕਈ ਕਰਮਚਾਰੀਆਂ ਦੀ ਤਬੀਅਤ ਵੀ ਵਿਗੜ ਗਈ ਸੀ। ਇਸ ਚੁਣੌਤੀ ਨਾਲ ਨਜਿੱਠਣ ਲਈ ਪੱਛਮੀ ਬੰਗਾਲ ਤੋਂ ਵਿਸ਼ੇਸ਼ ਗੈਸ ਸੁਰੱਖਿਆ ਉਪਕਰਨਾਂ ਨਾਲ ਲੈਸ ਟੀਮ ਨੂੰ ਬੁਲਾਇਆ ਗਿਆ ਹੈ।

ਐਨਡੀਆਰਐਫ (NDRF) ਦੇ ਡੀਆਈਜੀ ਮੋਹਸਿਨ ਸ਼ਾਹੇਦੀ ਨੇ ਦੱਸਿਆ ਕਿ ਮੌਕੇ 'ਤੇ ਐਨਡੀਆਰਐਫ ਦੀਆਂ ਚਾਰ ਟੀਮਾਂ ਰੋਟੇਸ਼ਨ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਇਹ ਟੀਮਾਂ ਸੁਰੰਗ ਦੇ ਉਸ 200 ਮੀਟਰ ਦੇ ਹਿੱਸੇ 'ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ ਜਿੱਥੇ ਮਜ਼ਦੂਰਾਂ ਦੇ ਫਸੇ ਹੋਣ ਦੀ ਸਭ ਤੋਂ ਵੱਧ ਸ਼ੰਕਾ ਹੈ। ਐਨਡੀਆਰਐਫ ਦੇ ਨਾਲ-ਨਾਲ ਐਸਡੀਆਰਐਫ (SDRF), ਸਥਾਨਕ ਪੁਲਸ ਅਤੇ ਫਾਇਰ ਸਰਵਿਸਿਜ਼ ਦੀਆਂ ਟੀਮਾਂ ਵੀ ਸਾਂਝੇ ਤੌਰ 'ਤੇ ਬਚਾਅ ਅਪ੍ਰੇਸ਼ਨ ਚਲਾ ਰਹੀਆਂ ਹਨ।


author

Inder Prajapati

Content Editor

Related News