ਪੁੱਡਾ ਮਾਰਕੀਟ ’ਚੋਂ 25 ਸਾਲਾ ਨੌਜਵਾਨ ਦੀ ਲਾਸ਼ ਬਰਾਮਦ

Saturday, Jul 11, 2026 - 05:45 PM (IST)

ਪੁੱਡਾ ਮਾਰਕੀਟ ’ਚੋਂ 25 ਸਾਲਾ ਨੌਜਵਾਨ ਦੀ ਲਾਸ਼ ਬਰਾਮਦ

ਫ਼ਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ਸ਼ਹਿਰ ਦੀ ਪੁੱਡਾ ਮਾਰਕੀਟ (ਨਜ਼ਦੀਕ ਜਨਕ ਹੋਟਲ) ’ਚੋਂ ਸ਼ਨੀਵਾਰ ਨੂੰ ਇਕ ਕਰੀਬ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਇਸ ਘਟਨਾ ਸਬੰਧੀ ਕਿਸੇ ਰਾਹਗੀਰ ਨੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਤੁਰੰਤ ਬਾਅਦ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿੱਕੀ ਪੁੱਤਰ ਪ੍ਰੇਮ ਵਾਸੀ ਅਲੀਕੇ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਮੁਤਾਬਕ ਵਿਆਹ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਪਰਿਵਾਰ ਵਾਲੇ ਅਕਸਰ ਉਸ ਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੇ ਸਨ ਪਰ ਉਹ ਮੌਕਾ ਪਾ ਕੇ ਘਰੋਂ ਨਿਕਲ ਜਾਂਦਾ ਸੀ ਅਤੇ ਸੜਕਾਂ ਆਦਿ ਤੋਂ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਸਾਮਾਨ ਇਕੱਠਾ ਕਰਦਾ ਰਹਿੰਦਾ ਸੀ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜਵਾਨ ਪਿਛਲੇ ਕਰੀਬ ਇਕ ਦਿਨ ਤੋਂ ਇੱਥੇ ਹੀ ਮ੍ਰਿਤਕ ਹਾਲਤ ’ਚ ਪਿਆ ਸੀ ਪਰ ਕਿਸੇ ਨੇ ਵੀ ਸਮੇਂ ਸਿਰ ਪੁਲਸ ਨੂੰ ਸੂਚਨਾ ਨਹੀਂ ਦਿੱਤੀ। ਆਲੇ-ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਨੌਜਵਾਨ ਕਾਫੀ ਬੀਮਾਰ ਚੱਲ ਰਿਹਾ ਸੀ ਅਤੇ ਸ਼ਾਇਦ ਇਸੇ ਬੀਮਾਰੀ ਕਾਰਨ ਹੀ ਉਸ ਦੀ ਮੌਤ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਸੀ।


author

Gurminder Singh

Content Editor

Related News