ਸਿੱਕਮ ''ਚ ਵੱਡਾ ਹਾਦਸਾ: ਜ਼ਮੀਨ ਖਿਸਕਣ ਕਾਰਨ ਟਨਲ ''ਚ ਫਸੇ 27 ਮਜ਼ਦੂਰ, ਬਚਾਅ ਕਾਰਜ ਜਾਰੀ
Monday, Jul 20, 2026 - 10:45 PM (IST)
ਨਾਮਚੀ : ਸਿੱਕਮ ਦੇ ਨਾਮਚੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਨਿਰਮਾਣ ਅਧੀਨ ਟਨਲ ਦੇ ਬਾਹਰ ਜ਼ਮੀਨ ਖਿਸਕਣ (ਲੈਂਡਸਲਾਈਡ) ਕਾਰਨ ਲਗਭਗ 27 ਮਜ਼ਦੂਰ ਅੰਦਰ ਫਸ ਗਏ ਹਨ। ਇਹ ਹਾਦਸਾ ਸਮਰਦੁੰਗ ਟਨਲ ਵਿੱਚ ਵਾਪਰਿਆ ਹੈ, ਜਿੱਥੇ ਭਾਰੀ ਮਲਬਾ ਡਿੱਗਣ ਕਾਰਨ ਟਨਲ ਦਾ ਮੁੱਖ ਪ੍ਰਵੇਸ਼ ਦੁਆਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।
ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਬਚਾਅ ਕਾਰਜਾਂ ਵਿੱਚ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਨਲ ਦੇ ਅੰਦਰ ਮੀਥੇਨ ਗੈਸ ਹੋਣ ਦੀ ਸ਼ੰਕਾ ਜਤਾਈ ਗਈ ਹੈ, ਜਿਸ ਕਾਰਨ ਬਚਾਅ ਮੁਹਿੰਮ ਦੀ ਰਫ਼ਤਾਰ ਕਾਫ਼ੀ ਹੌਲੀ ਪੈ ਗਈ ਹੈ। ਗੈਸ ਦੇ ਪ੍ਰਭਾਵ ਕਾਰਨ ਕਈ ਬਚਾਅ ਕਰਮਚਾਰੀਆਂ ਦੀ ਸਿਹਤ ਵੀ ਵਿਗੜਨ ਦੀ ਖ਼ਬਰ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਟਨਲ ਦੇ ਅੰਦਰ ਫਸੇ 27 ਮਜ਼ਦੂਰਾਂ ਵਿੱਚੋਂ 21 ਕਰਮਚਾਰੀ ਪਟੇਲ ਇੰਜੀਨੀਅਰਿੰਗ ਦੇ ਹਨ, ਜਦਕਿ 6 ਮੈਂਬਰ NHPC ਨਾਲ ਸਬੰਧਤ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਫਸੇ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਜਾਂਚ ਜਾਰੀ ਹੈ ਅਤੇ ਇਸ ਅੰਕੜੇ ਵਿੱਚ ਬਦਲਾਅ ਹੋ ਸਕਦਾ ਹੈ।
ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪ੍ਰਸ਼ਾਸਨ ਮੌਕੇ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
