ਬੀਮਾਰ ਬੱਚੀ ਦੇ ਰੌਣ ਨਾਲ ਖੁੱਲ੍ਹੀ ਸ਼ੌਹਰ ਦੀ ਨੀਂਦ, ਗੁੱਸੇ ''ਚ ਦਿੱਤਾ ਤਿੰਨ ਤਲਾਕ

08/21/2019 5:05:00 PM

ਇੰਦੌਰ— ਮੱਧ ਪ੍ਰਦੇਸ਼ 'ਚ 21 ਸਾਲਾ ਔਰਤ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਕੇ ਘਰੋਂ ਕੱਢ ਦਿੱਤਾ। ਔਰਤ ਦਾ ਦੋਸ਼ ਹੈ ਕਿ ਉਸ ਦੀ ਇਕ ਸਾਲ ਦੀ ਬੀਮਾਰ ਬੱਚੀ ਦੇ ਦੇਰ ਰਾਤ ਰੌਣ ਕਾਰਨ ਉਸ ਦੇ ਸ਼ੌਹਰ ਦੀ ਨੀਂਦ ਖੁੱਲ੍ਹ ਗਈ, ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੜਵਾਨੀ ਜ਼ਿਲੇ ਦੇ ਸੇਂਧਵਾ ਕਸਬੇ 'ਚ ਪੇਕੇ ਰਹਿ ਰਹੀ ਉਜਮਾ ਅੰਸਾਰੀ (21) ਨੇ ਆਪਣੇ ਇੰਦੌਰ ਵਾਸੀ ਪਤੀ ਅਕਬਰ (25) ਅਤੇ ਸਹੁਰੇ ਪਰਿਵਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਉਜਮਾ ਨੇ ਦੱਸਿਆ ਕਿ ਅਕਬਰ ਨਾਲ ਉਸ ਦਾ ਨਿਕਾਹ 2 ਸਾਲ ਪਹਿਲਾਂ ਹੋਇਆ ਸੀ।
 

ਬੱਚੀ ਨੂੰ ਬੈੱਡ ਤੋਂ ਹੇਠਾਂ ਸੁੱਟਿਆ
ਉਜਮਾ ਨੇ ਦੱਸਿਆ,''ਮੇਰੀ ਬੱਚੀ ਦੀ ਸਿਹਤ 4 ਅਗਸਤ ਨੂੰ ਠੀਕ ਨਹੀਂ ਸੀ। ਉਹ ਰਾਤ ਨੂੰ ਉੱਠ ਕੇ ਰੌਣ ਲੱਗੀ। ਇਸ ਨਾਲ ਮੇਰੇ ਪਤੀ ਦੀ ਨੀਂਦ ਖੁੱਲ੍ਹ ਗਈ। ਉਹ ਮੈਨੂੰ ਬੱਚੀ ਨੂੰ ਮਾਰ ਦੇਣ ਲਈ ਕਹਿਣ ਲੱਗੇ। ਇਸ ਗੱਲ 'ਤੇ ਸਾਡੇ ਦੋਹਾਂ ਦੀ ਬਹਿਸ ਸੁਣ ਕੇ ਮੇਰਾ ਸਹੁਰਾ ਅਤੇ ਜੇਠ ਕਮਰੇ 'ਚ ਆ ਗਏ। ਫਿਰ ਇਨ੍ਹਾਂ ਸਾਰਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰੀ ਬੇਟੀ ਨੂੰ ਬੈੱਡ ਤੋਂ ਹੇਠਾਂ ਸੁੱਟ ਦਿੱਤਾ।'' ਔਰਤ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਸਹੁਰੇ ਪਰਿਵਾਰ ਦੇ ਸਾਹਮਣੇ ਉਸ ਨੂੰ ਤਿੰਨ ਵਾਰ ਤਲਾਕ ਬੋਲ ਦਿੱਤਾ ਅਤੇ ਉਸ ਦੀ ਮਾਂ ਨੂੰ ਫੋਨ ਕਰ ਕੇ ਕਿਹਾ ਕਿ ਉਹ ਆਪਣੀ ਬੇਟੀ ਨੂੰ ਲੈ ਜਾਵੇ। ਉਜਮਾ ਦਾ ਦੋਸ਼ ਹੈ ਕਿ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਬੱਚੀ ਨੂੰ ਘਰੋਂ ਬਾਹਰ ਕੱਢ ਦਿੱਤਾ।
 

ਇੰਦੌਰ ਟਰਾਂਸਫਰ ਕੀਤਾ ਗਿਆ ਮਾਮਲਾ
ਐੱਸ.ਪੀ. ਡੀ.ਆਰ. ਟੇਨੀਵਾਰ ਨੇ ਦੱਸਿਆ ਕਿ ਘਟਨਾ ਇੰਦੌਰ ਦੀ ਹੈ, ਇਸ ਲਈ ਮਾਮਲਾ ਉੱਥੇ ਟਰਾਂਸਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਇੰਦੌਰ ਦੇ ਰਾਵਜੀ ਬਾਜ਼ਾਰ ਪੁਲਸ ਥਾਣੇ ਦੇ ਇੰਚਾਰਜ ਸੁਨੀਲ ਗੁਪਤਾ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਕੋਲ ਕੇਸ ਟਰਾਂਸਫਰ ਹੋ ਕੇ ਨਹੀਂ ਆਇਆ ਹੈ। ਮਾਮਲਾ ਆਉਣ ਤੋਂ ਬਾਅਦ ਉਹ ਕਾਰਵਾਈ ਕਰਨਗੇ।
 

ਤਿੰਨ ਤਲਾਕ ਦੇਣ 'ਤੇ 3 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ
ਜ਼ਿਕਰਯੋਗ ਹੈ ਕਿ ਮੁਸਲਿਮ ਔਰਤ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2019' ਰਹੀਂ ਇਕੱਠੇ ਤਿੰਨ ਤਲਾਕ ਬੋਲ ਕੇ ਵਿਆਹੁਤਾ ਸੰਬੰਧ ਖਤਮ ਕਰਨ ਦੀ ਪ੍ਰਥਾ 'ਤੇ ਕਾਨੂੰਨੀ ਰੋਕ ਲਗਾਈ ਗਈ ਹੈ। ਇਹ ਬਿੱਲ ਪਿਛਲੇ ਮਹੀਨੇ ਸੰਸਦ ਤੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਨਾਲ ਕਾਨੂੰਨ 'ਚ ਤਬਦੀਲ ਹੋ ਚੁੱਕਿਆ ਹੈ। ਇਸ ਕਾਨੂੰਨ 'ਚ ਦੋਸ਼ੀ ਲਈ ਤਿੰਨ ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ।


DIsha

Content Editor

Related News