ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ! ਗੰਦੇ ਪਾਣੀ ''ਚ ਘਿਰਿਆ ਸਕੂਲ
Wednesday, Jan 28, 2026 - 06:26 PM (IST)
ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਲਗਾਤਾਰ ਗੰਭੀਰ ਬਣੇ ਹੋਏ ਹਨ। ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਚਾਰੇ ਪਾਸਿਆਂ ਤੋਂ ਗੰਦੇ ਪਾਣੀ ਨਾਲ ਘਿਰ ਚੁੱਕਾ ਹੈ, ਜਿਸ ਕਾਰਨ ਸਕੂਲ ਵਿਚ ਪੜ੍ਹਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਸਕੂਲ ਪਹੁੰਚਣਾ ਮੁਸ਼ਕਲ ਹੀ ਨਹੀਂ, ਸਗੋਂ ਖ਼ਤਰਨਾਕ ਵੀ ਬਣ ਗਿਆ ਹੈ। ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਬੱਚੇ ਜਾਨ ਖ਼ਤਰੇ ਵਿਚ ਪਾ ਕੇ ਇਸ ਪਾਣੀ ਵਿਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ, ਜਦਕਿ ਕਈ ਬੱਚੇ ਡਰ ਦੇ ਮਾਰੇ ਘਰਾਂ ਵਿਚ ਹੀ ਰਹਿ ਜਾਂਦੇ ਹਨ। ਸਕੂਲ ਦੇ ਨੇੜੇ ਬਣਿਆ ਪਾਰਕ ਅਤੇ ਸ਼ਹੀਦ ਰਹਿਮਤ ਅਲੀ ਦੇ ਬੁੱਤ ਦੇ ਆਲੇ-ਦੁਆਲੇ ਵੀ ਗੰਦਾ ਪਾਣੀ ਇਕੱਠਾ ਹੋ ਕੇ ਛੱਪੜ ਦਾ ਰੂਪ ਧਾਰ ਚੁੱਕਾ ਹੈ, ਜਿਸ ਨਾਲ ਕਿਸੇ ਵੀ ਵੇਲੇ ਭਿਆਨਕ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਸ਼ਹੀਦ ਰਹਿਮਤ ਅਲੀ ਦਾ ਇਹ ਪਿੰਡ ਇਸ ਸਮੇਂ ਗੰਦੇ ਪਾਣੀ ਦੀ ਭਿਆਨਕ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਅੱਜ ਏ.ਡੀ.ਸੀ. ਬਰਨਾਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੰਦਿਆਂ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ, ਜਿਸ ਉਪਰੰਤ ਏ.ਡੀ.ਸੀ. ਵੱਲੋਂ ਇਕ ਹਫ਼ਤੇ ਦੇ ਅੰਦਰ-ਅੰਦਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਕੀਤਾ ਗਿਆ, ਤਾਂ ਪਿੰਡ ਵਾਸੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਦੌਰਾਨ ਪੰਚਾਇਤ ਵਿਭਾਗ ਦੇ ਐੱਸ.ਡੀ.ਓ ਜਸਕਰਨਜੀਤ ਸਿੰਘ ਨੇ ਪਿੰਡ ਵਜੀਦਕੇ ਕਲਾਂ ਵਿਚ ਪੁੱਜ ਕੇ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਨਰੇਗਾ ਜੇ.ਈ. ਇੰਦਰਜੀਤ ਸਿੰਘ ਸਮੇਤ ਹੋਰ ਵਿਭਾਗੀ ਕਰਮਚਾਰੀ ਵੀ ਹਾਜ਼ਰ ਸਨ। ਅਧਿਕਾਰੀਆਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਸੰਭਾਵਿਤ ਹੱਲਾਂ ਬਾਰੇ ਜਾਣਕਾਰੀ ਲੈ ਕੇ ਸਥਿਤੀ ਦੀ ਜਾਂਚ ਕੀਤੀ ਗਈ। ਮੰਗ ਪੱਤਰ ਦੇਣ ਸਮੇਂ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ ਵਜੀਦਕੇ ਕਲਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
