ਨਾਭਾ ਨਗਰ ਕੌਂਸਲ ’ਚ ਸਿਆਸੀ ਉਥਲ-ਪੁਥਲ : ਪੰਜ ਮਹੀਨਿਆਂ ''ਚ ਤਿੰਨ ਕਾਰਜਕਾਰੀ ਪ੍ਰਧਾਨ ਬਣੇ
Saturday, Jan 31, 2026 - 04:10 PM (IST)
ਨਾਭਾ : ਨਾਭਾ ਨਗਰ ਕੌਂਸਲ ਨੂੰ ਪੰਜ ਮਹੀਨਿਆਂ ’ਚ ਤੀਜਾ ਕਾਰਜਕਾਰੀ ਪ੍ਰਧਾਨ ਮਿਲਿਆ ਹੈ। ਤਾਜ਼ਾ ਫੈਸਲੇ ਮੁਤਾਬਕ ਵਾਰਡ 15 ਤੋਂ ਕੌਂਸਲਰ ਨੀਰੂ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਛੁੱਟੀ ’ਤੇ ਹੋਣ ਕਾਰਨ ਸੀਨੀਅਰ ਮੀਤ ਪ੍ਰਧਾਨ ਹੋਣ ਦੇ ਨਾਤੇ ਨੀਰੂ ਸ਼ਰਮਾ ਕੌਂਸਲ ਦੀ ਕਾਰਜਕਾਰੀ ਪ੍ਰਧਾਨ ਵੀ ਬਣ ਗਈ। ਬੀਤੇ ਸਾਲ ਜੁਲਾਈ ’ਚ ਟਰਾਲੀ ਚੋਰੀ ਦੇ ਦੋਸ਼ਾਂ ਮਗਰੋਂ ਜਦੋਂ ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤੇ ਦੀ ਪੇਸ਼ਕਸ਼ ਹੋਈ ਤਾਂ ਅਗਸਤ ਮਹੀਨੇ ਹਾਊਸ ਮੀਟਿੰਗ ਤੋਂ ਇਕ ਦਿਨ ਪਹਿਲਾਂ ਕੌਂਸਲਰਾਂ ਅਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਿਚਾਲੇ ਸਮਝੌਤਾ ਹੋ ਗਿਆ। ਉਸ ਮੌਕੇ ਵਿਧਾਇਕ ਨੇ ਕੌਂਸਲਰਾਂ ਦੀ ਹਾਜ਼ਰੀ ’ਚ ਦੱਸਿਆ ਕਿ ਪ੍ਰਧਾਨ ਸੁਜਾਤਾ ਚਾਵਲਾ ਦਾ ਅਸਤੀਫਾ ਉਨ੍ਹਾਂ ਕੋਲ ਆ ਗਿਆ ਹੈ ਤੇ ਇਸ ਦੇ ਬਦਲੇ ਕੌਂਸਲਰ ਬੇਭਰੋਸਗੀ ਮਤਾ ਨਹੀਂ ਪਾਉਣਗੇ। ਹਾਲਾਂਕਿ ਉਹ ਅਸਤੀਫਾ ਸਰਕਾਰ ਕੋਲ ਨਾ ਪਹੁੰਚਿਆ ਤੇ ਪ੍ਰਧਾਨ ਸੁਜਾਤਾ ਚਾਵਲਾ ਅਗਸਤ ਮਹੀਨੇ ਅਣਮਿੱਥੇ ਸਮੇਂ ਲਈ ਛੁੱਟੀ ’ਤੇ ਚਲੀ ਗਈ।
ਉਸ ਸਮੇਂ ਅਮਰਜੀਤ ਕੌਰ ਸਾਹਨੀ ਸੀਨੀਅਰ ਮੀਤ ਪ੍ਰਧਾਨ ਹੋਣ ਕਾਰਨ ਕਾਰਜਕਾਰੀ ਪ੍ਰਧਾਨ ਵੀ ਬਣ ਗਈ ਪਰ ਨਵੰਬਰ ਮਹੀਨਾ ਆਉਂਦਿਆਂ ਹੀ ਉਨ੍ਹਾਂ ਕੋਲੋਂ ਗੁਪਤ ਕਾਰਨਾਂ ਕਰਕੇ ਅਸਤੀਫਾ ਲੈ ਲਿਆ ਗਿਆ ਅਤੇ ਜਸਦੀਪ ਸਿੰਘ ਖੰਨਾ ਮੀਤ ਪ੍ਰਧਾਨ ਹੋਣ ਕਰਕੇ ਕਾਰਜਕਾਰੀ ਪ੍ਰਧਾਨ ਬਣੇ। ਇਸ ਦੌਰਾਨ ਨਵੰਬਰ ਮਹੀਨੇ ਇਕ ਹੋਰ ਵੱਡੀ ਘਟਨਾ ਤਹਿਤ ਕੌਂਸਲ ਦੇ ਕਾਰਜਸਾਧਕ ਅਫਸਰ ਦੀ ਸਰਕਾਰੀ ਰਿਹਾਇਸ਼ ਦੀ ਜ਼ਮੀਨ ਪੁੱਟ ਕੇ ਕਿਸਾਨਾਂ ਦੀਆਂ ਟਰਾਲੀਆਂ ਦਾ ਸਾਮਾਨ ਬਰਾਮਦ ਕੀਤਾ ਗਿਆ। ਇਸ ਮਗਰੋਂ ਆਮ ਆਦਮੀ ਪਾਰਟੀ ਨੇ ਪ੍ਰਧਾਨ ਸੁਜਾਤਾ ਚਾਵਲਾ ਅਤੇ ਪੰਕਜ ਪੱਪੂ ਨੂੰ ਪਾਰਟੀ ਵਿਚੋਂ ਮੁਅੱਤਲ ਵੀ ਕਰ ਦਿੱਤਾ ਗਿਆ। ਹਾਲਾਂਕਿ ਸੁਜਾਤਾ ਚਾਵਲਾ ਪ੍ਰਧਾਨ ਦੇ ਅਹੁਦੇ ’ਤੇ ਬਰਕਰਾਰ ਹੈ ਪਰ ਲਗਾਤਾਰ ਛੁੱਟੀ 'ਤੇ ਹੈ। ਇਸੇ ਦੌਰਾਨ 20 ਜਨਵਰੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਜਸਦੀਪ ਖੰਨਾ ਦਾ ਕਾਰਜਕਾਲ ਖਤਮ ਹੋ ਗਿਆ, ਜਿਸ ਕਾਰਨ ਅੱਜ ਨਗਰ ਕੌਂਸਲ ਵਿਖੇ ਇਹ ਦੋਵੇਂ ਅਹੁਦਿਆਂ ਦੀ ਚੋਣ ਕਰਵਾਈ ਗਈ। ਅੱਜ ਹਾਜ਼ਰ 18 ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਜਸਦੀਪ ਖੰਨਾ ਦੀ ਥਾਂ ਨੀਰੂ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਜਸਦੀਪ ਖੰਨਾ ਨੂੰ ਮੁੜ ਤੋਂ ਮੀਤ ਪ੍ਰਧਾਨ ਹੀ ਚੁਣਿਆ ਗਿਆ। ਏ ਡੀ ਸੀ ਪਟਿਆਲਾ ਇਸਮਤ ਵਿਜੈ ਦੀ ਨਿਗਰਾਨੀ ‘ਚ ਹੋਈ ਇਸ ਚੋਣ ਮੌਕੇ ਵਿਧਾਇਕ ਦੇਵ ਮਾਨ ਵੀ ਮੌਜੂਦ ਸਨ। ਪ੍ਰਧਾਨ ਦੇ ਛੁੱਟੀ ’ਤੇ ਹੋਣ ਕਾਰਨ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੀ ਨੀਰੂ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਦਾ ਕੰਮ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਚਲਾਇਆ ਜਾਵੇਗਾ। ਹਾਲਾਂਕਿ ਅਪਰੈਲ ਦੇ ਪਹਿਲੇ ਹਫਤੇ ਨਗਰ ਕੌਂਸਲ ਦਾ ਕਾਰਜਕਾਲ ਸਮਾਪਤ ਹੋ ਜਾਵੇਗਾ ਤੇ ਉਸ ਮਗਰੋਂ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ।
