ਸਿਆਚਿਨ-ਲੱਦਾਖ ''ਚ ਤਾਇਨਾਤ ਜਵਾਨਾਂ ਨੂੰ ਠੰਡ ਤੋਂ ਬਚਾਏਗੀ DRDO ਵਲੋਂ ਬਣਾਈ ਇਹ ਖ਼ਾਸ ਡਿਵਾਈਸ
Sunday, Jan 10, 2021 - 06:31 PM (IST)
ਨਵੀਂ ਦਿੱਲੀ- ਦੇਸ਼ ਦੇ ਪੂਰਬੀ ਲੱਦਾਖ, ਸਿਆਚੀਨ ਅਤੇ ਕਸ਼ਮੀਰ ਵਰਗੇ ਬਰਫ਼ੀਲੇ ਅਤੇ ਉੱਚਾਈ ਵਾਲੇ ਇਲਾਕਿਆਂ 'ਚ ਸਰਹੱਦ 'ਤੇ ਠੰਡ ਨਾਲ ਜੂਝਣ ਵਾਲੇ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਖ਼ਾਸ ਤੋਹਫ਼ਾ ਦਿੱਤਾ ਹੈ। ਦਰਅਸਲ ਡੀ.ਆਰ.ਡੀ.ਓ. ਨੇ 'ਹਿਮ ਤਾਪਕ' ਨਾਂ ਦੀ ਇਕ ਖ਼ਾਸ ਡਿਵਾਈਸ ਬਣਾਈ ਹੈ, ਜੋ ਜਵਾਨਾਂ ਨੂੰ ਸੁਰੱਖਿਅਤ ਰੱਖੇਗੀ। ਦੱਸਣਯੋਗ ਹੈ ਕਿ ਇਕ ਸਪੇਸ ਹੀਟਿੰਗ ਡਿਵਾਈਸ ਹੈ, ਜੋ ਇਹ ਯਕੀਨੀ ਕਰੇਗੀ ਕਿ ਜਵਾਨਾਂ ਦੀ ਮੌਤ ਬੈਕਬਲਾਸਟ ਅਤੇ ਕਾਰਬਨ ਮੋਨੋ ਆਕਸਾਈਡ ਦੇ ਜ਼ਹਿਰ ਕਾਰਨ ਨਾ ਹੋਵੇ।
ਭਾਰਤੀ ਫ਼ੌਜ ਨੇ ਦਿੱਤਾ 420 ਕਰੋੜ ਰੁਪਏ ਦਾ ਆਰਡਰ
ਡੀ.ਆਰ.ਡੀ.ਓ. ਦੇ ਡਾਇਰੈਕਟਰ ਡਾ. ਰਾਜੀਵ ਵਾਰਸ਼ਨੇਯ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਇਸ ਡਿਵਾਈਸ ਦੇ ਨਿਰਮਾਤਾ ਨੂੰ 420 ਕਰੋੜ ਰੁਪਏ ਦਾ ਆਰਡਰ ਦਿੱਤਾ ਹੈ। ਇਨ੍ਹਾਂ ਨੂੰ ਫ਼ੌਜ ਅਤੇ ਆਈ.ਟੀ.ਬੀ.ਪੀ. ਦੇ ਉਨ੍ਹਾਂ ਸਾਰੀਆਂ ਨਵੀਆਂ ਰਿਹਾਇਸ਼ਾਂ 'ਚ ਲਾਇਆ ਜਾਵੇਗਾ, ਜਿੱਥੇ ਤਾਪਮਾਨ ਬਹੁਤ ਘੱਟ ਰਹਿੰਦਾ ਹੈ।
ਠੰਡ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਚਣ ਲਈ 'ਏਲੋਕਲ ਕਰੀਮ'
ਡਾ. ਵਾਰਸ਼ਨੇਯ ਨੇ ਦੱਸਿਆ ਕਿ ਡੀ.ਆਰ.ਡੀ.ਓ. ਨੇ ਬੇਹੱਦ ਠੰਡੇ ਸਰਹੱਦੀ ਖੇਤਰਾਂ 'ਚ ਜਵਾਨਾਂ ਨੂੰ ਠੰਡ ਕਾਰਨ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਬਚਾਉਣ ਲਈ 'ਏਲੋਕਲ ਕਰੀਮ' ਵੀ ਤਿਆਰ ਕੀਤਾ ਹੈ। ਹਰ ਸਾਲ ਭਾਰਤੀ ਫ਼ੌਜ ਪੂਰਬੀ ਲੱਦਾਖ, ਸਿਆਚਿਨ ਅਤੇ ਹੋਰ ਖੇਤਰਾਂ ਲਈ ਇਸ ਕਰੀਮ ਦੇ 3 ਤੋਂ 3.5 ਲੱਖ ਜਾਰ ਦੇ ਆਰਡਰ ਦਿੰਦੀ ਹੈ।
ਸੋਲਰ ਸਨੋਅ ਮੈਲਟਰ ਵੀ ਬਣਾਇਆ ਗਿਆ
ਡੀ.ਆਰ.ਡੀ.ਓ. ਦੇ ਬਰਫ਼ੀਲੇ ਸਰਹੱਦੀ ਖੇਤਰਾਂ 'ਚ ਜਵਾਨਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਸੋਲਰ ਸਨੋਅ ਮੈਲਟਰ ਵੀ ਬਣਾਇਆ ਹੈ। ਇਹ ਯੰਤਰ ਹਰ ਘੰਟੇ 5 ਤੋਂ 7 ਲੀਟਰ ਪੀਣ ਦਾ ਪਾਣੀ ਉਪਲੱਬਧ ਕਰਵਾ ਸਕਦਾ ਹੈ। ਇਸ ਨਾਲ ਜ਼ੀਰੋ ਤੋਂ ਹੇਠਾਂ ਤਾਪਮਾਨ ਵਾਲੇ ਇਲਾਕਿਆਂ 'ਚ ਤਾਇਨਾਤ ਜਵਾਨਾਂ ਨੂੰ ਪੀਣ ਵਾਲੇ ਪਾਣੀ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।