ਸ਼ਰਧਾ ਕਤਲਕਾਂਡ: 35 ਟੁਕੜੇ ਕਰਨ ਵਾਲੇ ਪ੍ਰੇਮੀ ਆਫਤਾਬ ਖ਼ਿਲਾਫ਼ ਅਦਾਲਤ ਨੇ ਇਹ ਦੋਸ਼ ਕੀਤੇ ਤੈਅ
Tuesday, May 09, 2023 - 12:02 PM (IST)

ਨਵੀਂ ਦਿੱਲੀ- ਆਪਣੀ 'ਲਿਵ-ਇਨ' ਸਾਥੀ ਸ਼ਰਧਾ ਵਾਲਕਰ ਦਾ ਗਲ਼ ਘੁੱਟ ਕੇ ਕਤਲ ਕਰਨ ਅਤੇ ਉਸ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਦੇ ਦੋਸ਼ੀ ਪ੍ਰੇਮੀ ਆਫਤਾਬ ਅਮੀਨ ਪੂਨਾਵਾਲਾ ਖ਼ਿਲਾਫ਼ ਦਿੱਲੀ ਦੀ ਇਕ ਅਦਾਲਤ ਨੇ ਕਤਲ ਅਤੇ ਸਬੂਤ ਮਿਟਾਉਣ ਦੇ ਦੋਸ਼ ਤੈਅ ਕੀਤੇ ਹਨ। ਵਧੀਕ ਸੈਸ਼ਨ ਜੱਜ ਮਨੀਸ਼ਾ ਖੁਰਾਨਾ ਕੱਕੜ ਨੇ ਕਿਹਾ ਕਿ ਮੁਲਜ਼ਮ ਆਫਤਾਬ ਖ਼ਿਲਾਫ਼ ਪਹਿਲੀ ਨਜ਼ਰੇ ਆਈ. ਪੀ. ਸੀ. ਦੀ ਧਾਰਾ 302 (ਕਤਲ) ਅਤੇ ਧਾਰਾ-201 (ਅਪਰਾਧ ਦੇ ਸਬੂਤ ਮਿਟਾਉਣ) ਤਹਿਤ ਮਾਮਲਾ ਬਣਦਾ ਹੈ। ਆਫਤਾਬ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਗੱਲ ਆਖੀ। ਮਾਮਲੇ ਦੀ ਅਗਲੀ ਸੁਣਵਾਈ ਇਕ ਜੂਨ ਨੂੰ ਤੈਅ ਕੀਤੀ ਗਈ ਹੈ।
ਦੱਸ ਦੇਈਏ ਕਿ ਦਿੱਲੀ ਪੁਲਸ ਨੇ 24 ਜਨਵਰੀ ਨੂੰ ਮਾਮਲੇ 'ਚ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਆਫਤਾਬ ਨੇ ਪਿਛਲੇ ਸਾਲ 18 ਮਈ ਨੂੰ ਸ਼ਰਧਾ ਦਾ ਗਲ਼ ਘੁੱਟ ਦਿੱਤਾ ਸੀ। ਇਸ ਤੋਂ ਬਾਅਦ ਉਸ ਦੇ ਸਰੀਰ ਦੇ 35 ਟੁਕੜੇ ਕੀਤੇ ਅਤੇ ਉਨ੍ਹਾਂ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ 'ਚ ਆਪਣੀ ਰਿਹਾਇਸ਼ ਤੋਂ ਲੱਗਭਗ 3 ਹਫ਼ਤਿਆਂ ਤੱਕ ਫਰਿੱਜ 'ਚ ਰੱਖੀ ਰੱਖਿਆ। ਮੁਲਜ਼ਮ ਨੇ ਫੜੇ ਜਾਣ ਤੋਂ ਬਚਣ ਲਈ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ 'ਚ ਸ਼ਰਧਾ ਦੇ ਸਰੀਰ ਦੇ ਟੁਕੜਿਆਂ ਨੂੰ ਸੁੱਟ ਦਿੱਤਾ ਸੀ।