ਕਾਲਕਾ ਤੋਂ ਸ਼ਿਮਲਾ ਜਾ ਰਹੀ ਰੇਲ ਕਾਰ ਪਟੜੀ ਤੋਂ ਉਤਰੀ, ਵਾਲ-ਵਾਲ ਬਚੇ ਯਾਤਰੀ
Thursday, Sep 23, 2021 - 12:06 PM (IST)
ਸੋਲਨ— ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਵਿਰਾਸਤ ਕਾਲਕਾ-ਸ਼ਿਮਲਾ ਰੇਲਵੇ ਲਾਈਨ ’ਤੇ ਵੀਰਵਾਰ ਦੀ ਸਵੇਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਰਅਸਲ ਕਾਲਕਾ-ਸ਼ਿਮਲਾ ਡਵੀਜ਼ਨ ’ਤੇ ਬੜੋਗ ਰੇਲਵੇ ਸਟੇਸ਼ਨ ਨੇੜੇ ਅੱਜ ਸਵੇਰੇ ਇਕ ਰੇਲ ਕਾਰ ਪਟੜੀ ਤੋਂ ਉਤਰ ਗਈ, ਜਿਸ ਤੋਂ ਬਾਅਦ ਇਸ ਰੇਲ ਮਾਰਗ ’ਤੇ ਰੇਲਗੱਡੀਆਂ ਦੀ ਆਵਾਜਾਈ ਫ਼ਿਲਹਾਲ ਰੋਕ ਦਿੱਤੀ ਗਈ ਹੈ। ਘਟਨਾ ਲੱਗਭਗ 7.45 ਵਜੇ ਹੋਈ, ਜਦੋਂ ਰੇਲ ਕਾਰ ਕੁਮਾਰਹੱਟੀ ਤੋਂ ਸ਼ਿਮਲਾ ਲਈ ਰਵਾਨਾ ਹੋਈ ਅਤੇ ਇਹ ਵਿਚਾਲੇ ਹੀ ਪਟੜੀ ਤੋਂ ਉਤਰ ਗਈ।
15 ਸੀਟਾਂ ਵਾਲੀ ਰੇਲ ਕਾਰ ਵਿਚ ਉਸ ਸਮੇਂ 9 ਯਾਤਰੀ ਸਵਾਰ ਸਨ। ਗਨੀਮਤ ਰਹੀ ਕਿ ਇਹ ਪਲਟੀ ਨਹੀਂ, ਨਹੀਂ ਤਾਂ ਜਾਨੀ-ਮਾਲੀ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਸੂਚਨਾ ਮਿਲਣ ਮਗਰੋਂ ਰੇਲ ਕਾਰ ਵਿਚ ਸਵਾਰ ਯਾਤਰੀਆਂ ਨੂੰ ਸ਼ਿਮਲਾ ਪਹੁੰਚਾਉਣ ਲਈ ਬਦਲਵੇਂ ਮਾਰਗ ਦੀ ਵਿਵਸਥਾ ਕੀਤੀ। ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਫ਼ਿਲਹਾਲ ਯਾਤਰੀਆਂ ਨੂੰ ਬੜੋਗ ਰੇਲਵੇ ਸਟੇਸ਼ਨ ’ਤੇ ਪਹੁੰਚਾ ਕੇ ਸ਼ਿਮਲਾ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸ਼ਿਮਲਾ ਅਤੇ ਅੰਬਾਲਾ ’ਚ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਮੌਕੇ ’ਤੇ ਪਹੁੰਚਣ ’ਤੇ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਇਹ ਰੇਲ ਕਾਰ ਕਾਫੀ ਸਮੇਂ ਤੋਂ ਇਸ ਰੇਲ ਮਾਰਗ ’ਤੇ ਚੱਲ ਰਹੀ ਸੀ, ਜੋ ਹਰ ਰੋਜ਼ ਸਵੇੇਰੇ 5 ਵਜੇ ਕਾਲਕਾ ਤੋਂ ਸ਼ਿਮਲਾ ਲਈ ਰਵਾਨਾ ਹੁੰਦੀ ਹੈ। ਇਸ ਰੇਲ ਨੂੰ ਸੈਲਾਨੀਆਂ ਅਤੇ ਸਥਾਨਕ ਲੋਕ ਸ਼ਿਮਲਾ ਅਤੇ ਵਿਚਾਲੇ ਹੋਰ ਸਟੇਸ਼ਨਾਂ ਤੱਕ ਪਹੁੰਚਣ ਲਈ ਇਸਤੇਮਾਲ ਕਰਦੇ ਹਨ।