ਨਵੇਂ ਸਪੀਕਰ ਦੀ ਭਾਲ ਤੇਜ਼ , ਪੁਰੰਦੇਸ਼ਵਰੀ ਦੌੜ ’ਚ ਸਭ ਤੋਂ ਅੱਗੇ

Wednesday, Jun 12, 2024 - 05:15 PM (IST)

ਨਵੇਂ ਸਪੀਕਰ ਦੀ ਭਾਲ ਤੇਜ਼ , ਪੁਰੰਦੇਸ਼ਵਰੀ ਦੌੜ ’ਚ ਸਭ ਤੋਂ ਅੱਗੇ

ਨਵੀਂ ਦਿੱਲੀ- ਘੱਟ ਤੋਂ ਘੱਟ ਸਮੇਂ ’ਚ ਆਪਣਾ ਸਭ ਤੋਂ ਵੱਡਾ 72 ਮੈਂਬਰੀ ਮੰਤਰੀ ਮੰਡਲ ਬਣਾਉਣ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਲਦੀ ਹੀ 18ਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ ਕਰਨੀ ਪਵੇਗੀ।

ਅਜਿਹੇ ਸੰਕੇਤ ਮਿਲ ਰਹੇ ਹਨ ਕਿ ਸਪੀਕਰ ਦੱਖਣੀ ਭਾਰਤ ਤੋਂ ਚੁਣਿਆ ਜਾ ਸਕਦਾ ਹੈ, ਜਿੱਥੇ ਭਾਜਪਾ ਭਵਿਖ ’ਚ ਲੀਡ ਹਾਸਲ ਕਰਨਾ ਚਾਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਤੋਂ ਤਿੰਨ ਵਾਰ ਦੀ ਲੋਕ ਸਭਾ ਦੀ ਮੈਂਬਰ ਤੇ ਸੂਬਾਈ ਭਾਜਪਾ ਦੀ ਪ੍ਰਧਾਨ ਡੀ. ਪੁਰੰਦੇਸ਼ਵਰੀ ਲੋਕ ਸਭਾ ਦੀ ਸਪੀਕਰ ਚੁਣੀ ਜਾ ਸਕਦੀ ਹੈ।

ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ’ਚ ਲਏ ਜਾਣ ਦੀ ਸੰਭਾਵਨਾ ਸੀ ਪਰ ਹੁਣ ਸਪੀਕਰ ਦੇ ਅਹੁਦੇ ਲਈ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਹੈ। ਉਹ ਆਂਧਰਾ ਪ੍ਰਦੇਸ਼ ਦੇ ਇਕ ਸਾਬਕਾ ਮੁੱਖ ਮੰਤਰੀ ਸਵਰਗੀ ਐੱਨ. ਟੀ. ਰਾਮਾ ਰਾਓ ਦੀ ਬੇਟੀ ਹੈ । ਉਨ੍ਹਾਂ ਦੀ ਭੈਣ ਦਾ ਵਿਆਹ ਆਂਧਰਾ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਹੋਇਆ ਹੈ। ਉਨ੍ਹਾਂ ਨਾਇਡੂ ਤੇ ਭਾਜਪਾ ਨੂੰ ਨੇੜੇ ਲਿਆਉਣ ’ਚ ਵੀ ਅਹਿਮ ਭੂਮਿਕਾ ਨਿਭਾਈ। 18ਵੀਂ ਲੋਕ ਸਭਾ ’ਚ ਐੱਨ. ਡੀ. ਏ. ਕੋਲ ਭਾਵੇਂ ਬਹੁਮਤ ਹੈ ਪਰ ਸਾਂਝੇ ਵਿਰੋਧੀ ਧਿਰ ਦੀ ਤਾਕਤ ਵੀ ਘੱਟ ਨਹੀਂ ਹੈ।

ਸੰਭਾਵਨਾ ਹੈ ਕਿ ਜੇ ਪੁਰੰਦੇਸ਼ਵਰੀ ਨੂੰ ਇਸ ਅਹੁਦੇ ਲਈ ਚੁਣਿਆ ਜਾਂਦਾ ਹੈ ਤਾਂ ਵਿਰੋਧੀ ਧਿਰ ਆਪਣਾ ਉਮੀਦਵਾਰ ਨਹੀਂ ਉਤਾਰੇਗੀ।

2014 ’ਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ’ਚ ਦਸ ਦਿਨ ਲਏ ਸਨ। ਉਨ੍ਹਾਂ ਉਦੋਂ ਭਾਜਪਾ ਦੀ ਸੀਨੀਅਰ ਸੰਸਦ ਮੈਂਬਰ ਸੁਮਿਤਰਾ ਮਹਾਜਨ ਨੂੰ ਸਪੀਕਰ ਬਣਾਇਅਾ ਸੀ। 2019 ’ਚ ਉਨ੍ਹਾਂ 7 ਦਿਨਾਂ ਅੰਦਰ ਆਪਣੇ ਮੰਤਰੀਆਂ ਦੀ ਟੀਮ ਦਾ ਗਠਨ ਕੀਤਾ ਸੀ । ਉਦੋਂ ਉਨ੍ਹਾਂ ਸੰਸਦ ਮੈਂਬਰ ਓਮ ਬਿਰਲਾ ਨੂੰ ਸਪੀਕਰ ਵਜੋਂ ਚੁਣਿਆ ਸੀ। ਇਸ ਵਾਰ ਵੀ ਓਮ ਬਿਰਲਾ ਦੇ ਨਾਂ ਦੀ ਚਰਚਾ ਹੋ ਰਹੀ ਹੈ।

ਆਖ਼ਰ ਜਦੋਂ ਮੋਦੀ ਮੰਤਰੀ ਮੰਡਲ ਦੇ ਵਧੇਰੇ ਸਾਬਕਾ ਮੈਂਬਰ ਬਰਕਰਾਰ ਹਨ ਤਾਂ ਬਿਰਲਾ ਕਿਉਂ ਨਹੀਂ ਸਪੀਕਰ ਬਣਾਏ ਜਾ ਸਕਦੇ? ਹਾਲਾਂਕਿ, ਮੋਦੀ ਇਕ ਨਵਾਂ ਚਿਹਰਾ ਲਿਆ ਕੇ ਸਭ ਨੂੰ ਹੈਰਾਨ ਕਰ ਸਕਦੇ ਹਨ।


author

Rakesh

Content Editor

Related News