ਤਨਖਾਹੀਆ ਕਰਾਰ ਦਿੱਤੇ ਨੇਤਾਵਾਂ ਨੂੰ ਪੰਥਕ ਕਮੇਟੀ ’ਚੋਂ ਤੁਰੰਤ ਕੱਢਿਆ ਜਾਵੇ : ਕਾਲਕਾ, ਕਾਹਲੋਂ

05/27/2022 8:08:52 PM

ਜਲੰਧਰ/ਨਵੀਂ ਦਿੱਲੀ (ਚਾਵਲਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇਕ ਵੱਡਾ ਖੁਲਾਸਾ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 17 ਸਾਲ ਪਹਿਲਾਂ ਜਥੇਦਾਰ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦਾ ਗਲਤ ਪ੍ਰਕਾਸ਼ਨ ਕਰਨ ’ਤੇ ਤਨਖਾਹੀਆ ਕਰਾਰ ਦਿੱਤਾ ਸੀ ਤੇ ਇਨ੍ਹਾਂ ਆਗੂਆਂ ਨੇ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ।ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦੀ ਗਲਤ ਪ੍ਰਕਾਸ਼ਨਾਂ ਕਰਨ ਦਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿਚ ਲਿਆਂਦਾ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਸਾਡੇ ਪੱਤਰ ਦੀ ਜਵਾਬ ਵਿਚ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਵਾਬ ਮਿਲਿਆ ਹੈ।

ਇਹ ਵੀ ਪੜ੍ਹੋ : RR vs RCB Qualifier 2 : ਟਾਸ ਜਿੱਤ ਕੇ ਰਾਜਸਥਾਨ ਨੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਕੀਤੇ ਹੁਕਮਾਂ ਦੀ ਕਾਪੀ ਵੀ ਨਾਲ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਭਾਨੂੰ ਮੂਰਤੀ ਵੱਲੋਂ ਗੁਰਬਾਣੀ ਦੇ ਕੀਤੇ ਗਏ ਲਿਪੀਅੰਤਣ ਨਾਲ ਗੁਰਬਾਣੀ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਜਥੇਦਾਰ ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ, ਪ੍ਰਹਿਲਾਦ ਸਿੰਘ ਚੰਢੋਕ ਸਾਬਕਾ ਪ੍ਰਧਾਨ, ਪਰਮਜੀਤ ਸਿੰਘ ਸਰਨਾ ਉਸ ਵੇਲੇ ਦੇ ਪ੍ਰਧਾਨ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੁੰ ਤਨਖਾਹੀਆ ਕਰਾਰ ਦਿੱਤਾ ਸੀ। ਉਨ੍ਹਾਂ ਨੂੰ ਸਪਸ਼ਟ ਹੁਕਮ ਕੀਤਾ ਗਿਆ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਅਤੇ ਭੁੱਲਾਂ ਬਖਸ਼ਾਉਣ। ਪਰ 17 ਸਾਲਾਂ ਬਾਅਦ ਵੀ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ।ਉੁਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਸ ਤੱਥ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਵੀ ਹੈ ਕਿ ਉਸ ਵੇਲੇ ਇਨ੍ਹਾਂ ਖਿਲਾਫ ਸ਼ਿਕਾਇਤ ਕਰਨ ਵਾਲੀ ਸੰਸਥਾ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਹ ਫੈਸਲਾ ਫਾਈਲਾਂ ਵਿਚ ਦਬਾ ਲਿਆ ਗਿਆ ਕਿਉਂਕਿ ਬਾਦਲ ਪਰਿਵਾਰ ਜਥੇਦਾਰ ਹਿੱਤ ਦੀ ਰਾਖੀ ਕਰਨ ਵਿਚ ਲੱਗਾ ਸੀ।

ਇਹ ਵੀ ਪੜ੍ਹੋ : ਯੂਨਾਨ ਦੇ ਸਮੁੰਦਰ ਖੇਤਰ 'ਚ ਜਹਾਜ਼ ਜ਼ਬਤ ਕਰਨ ਨੂੰ ਲੈ ਕੇ ਈਰਾਨ ਨੇ ਪ੍ਰਗਟਾਇਆ ਵਿਰੋਧ

ਜਥੇਦਾਰ ਹਿੱਤ, ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ. ਕੇ. ਕੀਤੇ ਗਠਜੋੜ ’ਤੇ ਟਿੱਪਣੀ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਇਨ੍ਹਾਂ ਸਭ ਦਾ ਮਕਸਦ ਸਿਰਫ ਗੁਰੂਘਰਾਂ ਦੇ ਪ੍ਰਬੰਧਾਂ ’ਤੇ ਕਬਜ਼ਾ ਕਰਨਾ ਹੈ। ਸਕੂਲਾਂ ਦੇ ਮਾਮਲੇ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਦੋਂ ਤੋਂ ਤਨਖਾਹ ਕਮਿਸ਼ਨ ਦਾ ਮਾਮਲਾ ਸ਼ੁਰੂ ਹੋਇਆ ਤੇ ਸਕੂਲਾਂ ਦੇ ਪ੍ਰਬੰਧ ਉਲਝੇ, ਉਸ ਸਾਰੇ ਮਾਮਲੇ ਦੀ ਜਾਂਚ ਦਿੱਲੀ ਦੇ ਸਿਆਣੇ ਸਿੱਖਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਅਸੀਂ ਇਸ ਮਾਮਲੇ 'ਚ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ। ਹਰੀ ਨਗਰ ਦੇ ਸਕੂਲ ਦੀ ਗੱਲ ਕਰਦੇ ਹੋਏ ਦੋਵਾਂ ਨੇਤਾਵਾਂ ਨੇ ਦੱਸਿਆ ਕਿ ਜਦ ਜਥੇਦਾਰ ਹਿੱਤ ਨੂੰ ਸਕੂਲ ਸੌਂਪਿਆ ਗਿਆ ਸੀ ਤਾਂ ਉਸ 'ਚ ਸਿਰਫ਼ 130 ਬੱਚੇ ਸਨ ਅਤੇ ਜਥੇਦਾਰ ਹਿੱਤ ਨੇ ਸਟਾਫ਼ 50 ਬੱਚਿਆਂ ਦਾ ਲੱਗਾ ਲਿਆ। ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਦੇ ਪ੍ਰਧਾਨ ਰਹਿੰਦੇ ਹੋਏ 2013 ਤੋਂ 2019 ਤੱਕ 7 ਕਰੋੜ 80 ਲੱਖ 92 ਹਜ਼ਾਰ 165 ਰੁਪਏ ਦੀ ਰਾਸ਼ੀ ਇਸ ਸਕੂਲ ਲਈ ਦਿੱਤੀ ਜਿਸ 'ਚੋਂ ਰਕਮ ਕੱਢ ਕੇ ਜਥੇਦਾਰ ਹਿੱਤ ਮਨਜੀਤ ਸਿੰਘ ਜੀ.ਕੇ. ਨੂੰ ਹਿੱਸਾ ਦਿੰਦੇ ਰਹੇ।

ਉਨ੍ਹਾਂ ਨੇ ਕਿਹਾ ਕਿ ਸਰਨਾ ਭਰਾ ਦਾਅਵਾ ਕਰ ਰਹੇ ਹਨ ਅਸੀਂ 130 ਕਰੋੜ ਰੁਪਏ ਪਿੱਛੇ ਛੱਡ ਕੇ ਗਏ ਹਾਂ ਪਰ ਅਸੀਂ ਪੂਰੀ ਸੱਚਾਈ ਸੰਗਤ ਦੇ ਸਾਹਮਣੇ ਰੱਖਾਂਗੇ ਕਿ ਜਦ ਜੀ.ਕੇ. ਪ੍ਰਧਾਨ ਬਣੇ ਸਨ ਤਾਂ ਸਰਨਾ ਭਰਾ ਕੀ ਛੱਡ ਕੇ ਗਏ ਸਨ। ਜੀ. ਕੇ. ਵੱਲੋਂ ਅਧਿਆਪਕਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ ਤੋਂ ਰੋਕਣ ਲਈ ਮਨਜਿੰਦਰ ਸਿੰਘ ਸਿਰਸਾ ਦੇ ਸਿਰ ਦੋਸ਼ ਮੜ੍ਹਨ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਜਦੋਂ ਜੀ. ਕੇ. ਨੇ 51 ਲੱਖ ਰੁਪਏ ਵੱਖ-ਵੱਖ ਸੰਸਥਾਵਾਂ ਨੂੰ ਦਿੱਤੇ ਅਤੇ ਕਿਸੇ ਮੈਂਬਰ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਤਾਂ ਜੋ ਉਸ ਵੇਲੇ ਉੁਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ? ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ ਨੇ 17 ਤੇ 19 ਲੱਖ ਰੁਪਏ ਦੇ ਬਲੱਬਾਂ ਦੇ ਬਿੱਲ ਪਾਏ, ਉਦੋਂ ਕਿਸੇ ਨੇ ਨਹੀਂ ਰੋਕਿਆ? ਸਰਦਾਰ ਕਾਲਕਾ ਨੇ ਸਰਨਾ ਧੜੇ ਦੇ ਉਨ੍ਹਾਂ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਤੱਕ ਪਹੁੰਚ ਬਣਾਈ ਹੈ ਤੇ ਸਰਨਾ ਭਰਾਵਾਂ ਵੱਲੋਂ ਪਾਰਟੀ ਨੂੰ ਬੇਅਦਬੀ ਕਰਨ ਵਾਲਿਆਂ ਨਾਲ ਜੋੜਨ ਦੀ ਕੋਸ਼ਿਸ਼ ਕਰਨ ਦਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ : ਪਾਕਿ 'ਚ ਤੇਲ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News